ਬੀ. ਐੱਡ ਅਧਿਆਪਕਾਂ ਨੇ ਕਾਪੀਆਂ ਸਾੜ ਕੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

ਬਠਿੰਡਾ -ਪ੍ਰਾਇਮਰੀ ਸਕੂਲਾਂ ‘ਚ ਈ.ਟੀ.ਟੀ.ਦੀ ਪੋਸਟ ‘ਤੇ ਕੰਮ ਕਰਦੇ ਬੀ. ਐੱਡ ਅਧਿਆਪਕਾਂ ਨੇ ਜ਼ਿਲਾ ਆਗੂ ਦਵਿੰਦਰ ਸਿੰਘ ਦੀ ਅਗਵਾਈ ਹੇਠ ਟੀਚਰਜ਼ ਹੋਮ ਵਿਖੇ ਬ੍ਰਿਜ ਕੋਰਸ ਕਰਨ ਦੇ ਪੱਤਰ ਦੀਆਂ ਕਾਪੀਆਂ ਸਾੜ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਨੇ ਦੱਸਿਆ ਕਿ ਐੱਸ.ਸੀ.ਈ.ਆਰ. ਵੱਲੋਂ ਅਧਿਆਪਕਾਂ ਨੂੰ 6 ਮਹੀਨਿਆਂ ਦਾ ਬ੍ਰਿਜ ਕੋਰਸ ਕਰਨ ਲਈ ਪੱਤਰ ਜਾਰੀ ਕਰ ਕੇ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਕੋਰਸ ਉਨ੍ਹਾਂ ਲਈ ਬਿਲਕੁਲ ਬੇਲੋੜਾ ਤੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ। ਉਨ੍ਹਾਂ ਰੋਸ ਜਤਾਇਆ ਕਿ ਉਹ ਲਗਭਗ 15-20 ਸਾਲਾਂ ਤੋਂ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਾ ਰਹੇ ਹਨ ਅਤੇ ਲੋੜੀਂਦੇ ਕੈਂਪ ਵੀ ਲਾ ਚੁੱਕੇ ਹਨ। ਜ਼ਿਲਾ ਪ੍ਰਧਾਨ ਕਰਮਜੀਤ ਸਿੰਘ ਜਲਾਲ ਨੇ ਕਿਹਾ ਕਿ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਓਪਨ ਸਕੂਲਾਂ ਵਰਗੀ ਬਾਹਰਲੀ ਸੰਸਥਾ ਤੋਂ ਉਕਤ ਕੋਰਸ ਕਰਨ ਲਈ ਮਜਬੂਰ ਕਰ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਉਕਤ ਕੋਰਸ ਕਰਨ ਦੇ ਪੱਤਰ ਨੂੰ ਵਾਪਸ ਨਾ ਲਿਆ ਗਿਆ ਤਾਂ ਅਧਿਆਪਕ ਫਰੰਟ ਵਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਘਵੀਰ ਸਿੰਘ, ਜਸਵਿੰਦਰ ਸਿੰਘ, ਪ੍ਰਕਾਸ਼ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਆਦਿ ਅਧਿਆਪਕ ਆਗੂ ਮੌਜੂਦ ਸਨ।

Be the first to comment

Leave a Reply