ਬੇਨਗਾਜ਼ੀ ਸ਼ਹਿਰ ਦੇ ਰਿਹਾਇਸ਼ੀ ਇਲਾਕੇ ‘ਚ ਹੋਏ ਕਾਰ ਬੰਬ ਧਮਾਕਿਆਂ ‘ਚ 34 ਲੋਕਾਂ ਦੀ ਮੌਤ ਹੋ ਗਈ ਤੇ 87 ਜ਼ਖ਼ਮੀ

ਬੇਨਗਾਜ਼ੀ- ਪੂਰਬੀ ਲੀਬੀਆ ਦੇ ਬੇਨਗਾਜ਼ੀ ਸ਼ਹਿਰ ਨੇੜੇ ਬੀਤੀ ਰਾਤ ਰਿਹਾਇਸ਼ੀ ਇਲਾਕੇ ‘ਚ ਹੋਏ ਕਾਰ ਬੰਬ ਧਮਾਕਿਆਂ ‘ਚ 34 ਲੋਕਾਂ ਦੀ ਮੌਤ ਹੋ ਗਈ ਤੇ 87 ਹੋਰ ਜ਼ਖ਼ਮੀ ਹੋ ਗਏ ਹਨ। ਬੇਨਗਾਜ਼ੀ ‘ਚ ਸੈਨਾ ਤੇ ਪੁਲਿਸ ਦੇ ਬੁਲਾਰੇ ਕੈਪਟਨ ਤਾਰਿਕ ਅਲਖਰਾਜ ਨੇ ਦੱਸਿਆ ਕਿ ਬੇਨਗਾਜ਼ੀ ਸ਼ਹਿਰ ਨਾਲ ਲੱਗਦੇ ਸਲਮਾਨੀ ਜ਼ਿਲ੍ਹੇ ‘ਚ ਪਹਿਲਾ ਕਾਰ ਬੰਬ ਧਮਾਕਾ ਬੀਤੀ ਰਾਤ 8:20 ਵਜੇ ਮਸਜਿਦ ਸਾਹਮਣੇ ਉਸ ਸਮੇਂ ਹੋਇਆ ਜਦੋਂ ਲੋਕ ਨਮਾਜ਼ ਤੋਂ ਬਾਅਦ ਬਾਹਰ ਆ ਰਹੇ ਸਨ ਅਤੇ ਦੂਸਰਾ ਕਾਰ ਬੰਬ ਧਮਾਕਾ ਅੱਧੇ ਘੰਟੇ ਬਾਅਦ ਉਸ ਸਮੇਂ ਹੋਇਆ ਜਦੋਂ ਜ਼ਖ਼ਮੀਆਂ ਦੀ ਮੈਡੀਕਲ ਮਦਦ ਲਈ ਐਾਬੂਲੈਂਸ ਉਥੇ ਪੁੱਜੀ। ਸਥਾਨਕ ਸਿਹਤ ਅਧਿਕਾਰੀ ਹਨੀ ਬੇਲਰਾਸ ਅਲੀ ਨੇ 34 ਲੋਕਾਂ ਦੇ ਮਾਰੇ ਜਾਣ ਤੇ 87 ਹੋਰਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਅਲ-ਜਾਲਾ ਹਸਪਤਾਲ ‘ਚ ਭਰਤੀ ਕੀਤੇ ਲੋਕਾਂ ‘ਚੋਂ 25 ਦੀ ਮੌਤ ਹੋ ਚੁੱਕੀ ਤੇ 51 ਜ਼ਖ਼ਮੀਆਂ ਦਾ ਇਲਾਜ ਜਾਰੀ ਹੈ, ਜਦ ਕਿ ਬੇਨਗਾਜ਼ੀ ਮੈਡੀਕਲ ਕੇਂਦਰ ਹਸਪਤਾਲ ‘ਚ ਵੀ 9 ਲੋਕ ਮਾਰੇ ਗਏ ਹਨ ਤੇ 36 ਜ਼ਖ਼ਮੀ ਇਲਾਜ ਅਧੀਨ ਹਨ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਨ੍ਹਾਂ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Be the first to comment

Leave a Reply