ਬੇਰੁਜਗਾਰ ਮਲਟੀਪਰਪਜ ਹੈਲਥ ਵਰਕਰ (ਮੇਲ) ਯੂਨੀਅਨ, ਪੰਜਾਬ

ਪਟਿਆਲਾ – ਸਿਹਤ ਮੰਤਰੀ ਦੀ ਵਾਅਦਾ ਖਿਲਾਫੀ ਵਿਰੁੱਧ ਬੇਰੁਜਗਾਰ ਵਰਕਰਾਂ ਨੇ ਪਟਿਆਲਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਪਿਆ — ਮਾਮਲਾ ਅਸਾਮੀਆਂ ਵਿੱਚ ਵਾਧਾ ਕਰਨ ਦਾ। ਸਿਹਤ ਵਿਭਾਗ 1263 ਸਿਹਤ ਵਰਕਰਾਂ ਦੀ ਭਰਤੀ ਤੁਰੰਤ ਮੁਕੰਮਲ ਕਰਨ ਅਤੇ ਚਾਲੂ ਭਰਤੀ ਪ੍ਰੀਕਿਆ ਵਿੱਚ ਹੋਰ ਅਸਾਮੀਆਂ ਦਾ ਵਾਧਾ ਕਰਨ ਲਈ 30 ਅਪ੍ਰੈਲ 2017 ਨੂੰ ਦਿੱਤੇ ਭਰੋਸੇ ਤੋਂ ਮੁਕਰਨ ਦੇ ਰੋਸ ਵੱਜੋਂ ਬੇਰੁਜਗਾਰ ਸਿਹਤ ਵਰਕਰਾਂ ਨੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਦੇ ਨਾਲ ਮੰਗ ਪੱਤਰ ਦੇਣ ਦੀ ਸ਼ੁਰੂਆਤ ਤਹਿਤ ਅੱਜ ਡਿਪਟੀ ਕਮਿਸ਼ਨਰ/ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਦਿੱਤਾ। ਉਪਰੰਤ ਪੱਤਰਕਾਰਾਂ ਨੂੰ ਭੇਜੇ ਪ੍ਰੈਸ ਨੋਟ ਰਾਹੀਂ ਚਰਨਜੀਤ ਸਿੰਘ ਨੇ ਦੱਸਿਆ ਕਿ 29 ਜੁਲਾਈ 2018 ਨੂੰ ਬੇਰੁਜਗਾਰ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਪਟਿਆਲਾ ਵਿਖੇ ਕੋਠੀ ਦੇ ਘਿਰਾਓ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਦਸੰਬਰ 2016 ਵਿੱਚ 1263 ਅਸਾਮੀਆਂ ਸਿਹਤ ਵਰਕਰਾਂ ਨੂੰ ਭਰਤੀ ਕਰਨ ਦਾ ਇਸਤਿਹਾਰ ਜਾਰੀ ਹੋਇਆ ਸੀ। ਇਸ ਭਰਤੀ ਦੌਰਾਨ ਲਿਖਤੀ ਪੇਪਰ ਵਿੱਚੋਂ 1723 ਉਮੀਦਵਾਰਾਂ ਨੇ ਪੇਪਰ ਪਾਸ ਕਰਨ ਮਗਰੋਂ ਸਬੰਧਤ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਨੇ ਕੌਸਲਿੰਗ ਕੀਤੀ ਸੀ। ਇਸਤਿਹਾਰ ਤੋਂ ਵੱਧ ਪੇਪਰ ਪਾਸ 460 ਉਮੀਦਵਾਰਾਂ ਨੂੰ ਸਿਹਤ ਮੰਤਰੀ ਜੀ ਨੇ 30 ਅਪ੍ਰੈਲ 2017 ਨੂੰ ਪਟਿਆਲਾ ਵਿਖੇ ਬਾਰਾਦਰੀ ਗਾਰਡਨ ਵਿਖੇ ਪਹੁੰਚ ਕੇ ਵਾਅਦਾ ਕੀਤਾ ਸੀ ਕਿ ਅਸਾਮੀਆਂ ਵਿੱਚ ਵਾਧਾ ਕੀਤਾ ਜਾਵੇਗਾ। ਬਾਅਦ ਵਿੱਚ ਕਈ ਵਾਰ ਮੀਟਿੰਗਾਂ ਦੌਰਾਨ ਭਰਤੀ ਪ੍ਰੀਕ੍ਰਿਆ ਉਪਰ ਲੱਗੀ ਅਦਾਲਤੀ ਰੋਕ ਖਤਮ ਹੋਣ ਮਗਰੋਂ ਸਿਹਤ ਮੰਤਰੀ ਵੱਲੋਂ ਅਸਾਮੀਆਂ ਵਧਾਏ ਜਾਣ ਦਾ ਭਰੋਸਾ ਦਿੱਤਾ ਜਾਂਦਾ ਰਿਹਾ। ਹੁਣ ਜਦੋਂ 23 ਮਈ 2018 ਨੂੰ ਅਦਾਲਤੀ ਰੋਕ ਖਤਮ ਹੋ ਚੁੱਕੀ ਹੈ ਤਾਂ 8 ਜੁਲਾਈ 2018 ਨੂੰ ਪਟਿਆਲਾ ਵਿਖੇ ਬੇਰੁਜਗਾਰ ਵਰਕਰਾਂ ਨਾਲ ਮਿਲਣੀ ਦੌਰਾਨ ਹਾਂ—ਪੱਖੀ ਭਰੋਸਾ ਦੇ ਕੇ 13 ਜੁਲਾਈ 2018 ਨੂੰ ਚੰਡੀਗੜ੍ਹ ਵਿਖੇ ਸਕੱਤਰੇਤ ਵਿੱਚ ਪੈਨਲ ਮੀਟਿੰਗ ਤੈਅ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੈਨਲ ਮੀਟਿੰਗ ਵਿੱਚ ਸਿਹਤ ਮੰਤਰੀ ਸਿਹਤ ਸਕੱਤਰ ਦੇ ਇਸਾਰੇ ਤੇ ਅਸਾਮੀਆਂ ਵਿੱਚ ਵਾਧਾ ਕਰਨ ਦੇ ਵਾਅਦੇ ਤੋਂ ਸਾਫ਼ ਮੁਕਰ ਚੁੱਕੇ ਹਨ। ਜਿਸ ਦੇ ਰੋਸ ਵੱਜੋਂ ਬੇਰੁਜਗਾਰ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 22 ਜੁਲਾਈ 2018 ਤੱਕ ਪੰਜਾਬ ਦੇ ਸਾਰੇ ਜ਼ਿਲਿ੍ਹਆ ਵਿੱਚ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਮਗਰੋਂ 29 ਜੁਲਾਈ ਨੂੰ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਪਟਿਆਲਾ ਵਿਖੇ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਦੌਰਾਨ ਚਰਨਜੀਤ ਸਿੰਘ, ਜ਼ਸਪ੍ਰੀਤ ਸਿੰਘ , ਮਨਪ੍ਰੀਤ ਸਿੰਘ ਪਟਿਆਲਾ, ਹਰਵਿੰਦਰ ਸਿੰਘ, ਪਰਮਿੰਦਰ ਕੁਮਾਰ ਨਾਭਾ, ਹਰਕਮਲ ਸਿੰਘ, ਜਤਿੰਨ ਕੋਹਲੀ ਭਾਦਸੋਂ ਆਦਿ ਹਾਜ਼ਰ ਸਨ।