ਬ੍ਰਿਟਿਸ਼ ਸੰਸਦ ਮੈਂਬਰ ਲਾਰਡ ਅਲੈਗਜ਼ੈਂਡਰ ਕਾਰਲੇਲ – ਬੰਗਲਾਦੇਸ਼ ਸਰਕਾਰ ਦੇ ਦਬਾਅ ਵਿਚ ਉਨ੍ਹਾਂ ਨੂੰ ਭਾਰਤ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ

ਲੰਡਨ — ਬ੍ਰਿਟਿਸ਼ ਸੰਸਦ ਮੈਂਬਰ ਲਾਰਡ ਅਲੈਗਜ਼ੈਂਡਰ ਕਾਰਲੇਲ ਨੇ ਕਿਹਾ ਕਿ ਬੰਗਲਾਦੇਸ਼ ਸਰਕਾਰ ਦੇ ਦਬਾਅ ਵਿਚ ਉਨ੍ਹਾਂ ਨੂੰ ਭਾਰਤ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬ੍ਰਿਟਿਸ਼ ਸੰਸਦ ਮੈਂਬਰ ਕਾਰਲੇਲ ਜੇਲ ਵਿਚ ਬੰਦ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੇ ਕਾਨੂੰਨੀ ਸਲਾਹਕਾਰ ਹਨ। ਉਨ੍ਹਾਂ ਨੂੰ ਬੁੱਧਵਾਰ ਰਾਤ ਭਾਰਤ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਭਾਰਤ ਨੇ ਉਨ੍ਹਾਂ ਦੇ ਵੀਜ਼ਾ ਨੂੰ ਯੋਗ ਨਹੀਂ ਮੰਨਿਆ ਸੀ।
ਕਾਰਲੇਲ ਨੇ ਦੋਸ਼ ਲਗਾਇਆ ਕਿ ਬੰਗਲਾਦੇਸ਼ ਸਰਕਾਰ ਵੱਲੋਂ ਉਨ੍ਹਾਂ ਨੂੰ ਭਾਰਤ ਵਿਚ ਦਾਖਲ ਹੋਣ ਤੋਂ ਰੋਕਣ ਲਈ ਅਸਧਾਰਨ ਸਿਆਸੀ ਦਬਾਅ ਪਾਇਆ ਗਿਆ ਸੀ। ਬ੍ਰਿਟੇਨ ਦੇ ਹਾਊਸ ਆਫ ਲਾਰਡ ਦੇ ਮੈਂਬਰ ਨੇ ਕਿਹਾ ਕਿ ਬੰਗਲਾਦੇਸ਼ ਸਰਕਾਰ ਨੇ ਢਾਕਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਸੀ ਅਤੇ ਉਸ ਜ਼ਰੀਏ ਭਾਰਤ ਸਰਕਾਰ ਨੂੰ ਉਨ੍ਹਾਂ ਦੇ ਭਾਰਤ ਵਿਚ ਦਾਖਲ ਹੋਣ ਤੋਂ ਰੋਕਣ ਲਈ ਕਿਹਾ ਸੀ। ਭਾਰਤ ਸਰਕਾਰ ਨੇ ਵੀ ਅਜਿਹਾ ਕਰ ਕੇ ਉਸ ਨੂੰ ਸ਼ਰਮਿੰਦਾ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਬ੍ਰਿਟਿਸ਼ ਸੰਸਦ ਮੈਂਬਰ ਯੋਗ ਭਾਰਤੀ ਵੀਜ਼ਾ ਦੇ ਬਿਨਾਂ ਇੱਥੇ ਪਹੁੰਚੇ ਹਨ। ਭਾਰਤ ਵਿਚ ਉਨ੍ਹਾਂ ਦੀ ਗਤੀਵਿਧੀ ਵੀਜ਼ਾ ਅਰਜ਼ੀ ਮੁਤਾਬਕ ਨਾ ਹੋਣ ਕਾਰਨ ਉਨ੍ਹਾਂ ਨੂੰ ਇੱਥੇ ਕਦਮ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ।