ਬ੍ਰਿਟੇਨ ਵਿਚ ਜਾਸੂਸ ਉਪਰ ਹੋਏ ਹਮਲੇ ਦੀ ਅਮਰੀਕਾ ਵੱਲੋ ਨਿੰਦਾ

ਅਮਰੀਕਾ ਨੇ ਬ੍ਰਿਟੇਨ ਵਿਚ ਕਥਿਤ ਤੌਰ ‘ਤੇ ਰੂਸ ਵੱਲੋਂ ਸਾਬਕਾ ਜਾਸੂਸ ਅਤੇ ਉਸ ਦੀ ਬੇਟੀ ਦੀ ਹੱਤਿਆ ਕਰਨ ਲਈ ਜ਼ਹਿਰ ਦੇਣ ਦੀ ਘਟਨਾ ‘ਤੇ ਗੁੱਸਾ ਪ੍ਰਗਟ ਕੀਤਾ ਹੈ। ਰੂਸ ਦੇ ਸਾਬਕਾ ਜਾਸੂਸ ਸੇਰਗਈ ਸਕਰੀਪਲ (66) ਅਤੇ ਬੇਟੀ ਯੂਲੀਆ (33) ਨੂੰ ਬੀਤੇ ਹਫਤੇ ਜ਼ਹਿਰ ਦੇ ਦਿੱਤਾ ਗਿਆ ਸੀ। ਇਸ ਪਦਾਰਥ ਦੀ ਚਪੇਟ ਵਿਚ ਇਕ ਪੁਲਸ ਕਰਮਚਾਰੀ ਵੀ ਆ ਗਿਆ ਸੀ। ਤਿੰਨਾਂ ਦੀ ਹਾਲਤ ਗੰਭੀਰ ਹੈ। ਪ੍ਰਤੀਨਿਧੀ ਸਭਾ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੱਲ ਕਿਹਾ ਸੀ ਕਿ ਇਸ ਗੱਲ ਦੀ ”ਘੋਰ ਸੰਭਾਵਨਾ” ਹੈ ਕਿ ਸਕਰੀਪਲ ‘ਤੇ ਜ਼ਹਿਰ ਨਾਲ ਹਮਲਾ ਕਰਨ ਦੇ ਪਿੱਛੇ ਰੂਸ ਹੋ ਸਕਦਾ ਹੈ। ਉਸ ਨੇ ਬ੍ਰਿਟੇਨ ਦੀ ਵਿਦੇਸ਼ ਖੁਫੀਆ ਏਜੰਸੀ ਲਈ ਕੰਮ ਕੀਤਾ ਸੀ। ਉੱਧਰ ਰੂਸ ਨੇ ਉਕਤ ਦੋਸ਼ਾਂ ਦਾ ਖੰਡਨ ਕੀਤਾ ਹੈ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਆਪਣੇ ਦੈਨਿਕ ਪੱਤਰਕਾਰ ਸੰਮੇਲਨ ਵਿਚ ਕਿਹਾ,”ਅਸੀਂ ਆਪਣੇ ਸਹਿਯੋਗੀ ਬ੍ਰਿਟੇਨ ਨਾਲ ਖੜ੍ਹੇ ਹਾਂ।” ਸਾਰਾ ਨੇ ਕਿਹਾ,”ਅਮਰੀਕਾ ਘਟਨਾ ‘ਤੇ ਕਾਫੀ ਨਜਦੀਕੀ ਨਾਲ ਨਜ਼ਰ ਰੱਖ ਰਿਹਾ ਹੈ ਅਤੇ ਇਹ ਬਹੁਤ ਗੰਭੀਰ ਹੈ। ਬ੍ਰਿਟੇਨ ਦੀ ਧਰਤੀ ‘ਤੇ ਬ੍ਰਿਟੇਨ ਦੇ ਨਾਗਰਿਕ ‘ਤੇ ਜ਼ਹਿਰ ਨਾਲ ਹਮਲਾ ਕਰਨਾ ਹੈਰਾਨ ਕਰਨ ਵਾਲਾ ਹੈ। ਅਸੀਂ ਇਸ ਹਮਲੇ ਦੀ ਸਖਤ ਨਿੰਦਾ ਕਰਦੇ ਹਾਂ। ਅਸੀਂ ਪੀੜਤ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦੇ ਹਾਂ ਅਤੇ ਬ੍ਰਿਟੇਨ ਸਰਕਾਰ ਨੂੰ ਸਮਰਥਨ ਦਿੰਦੇ ਹਾਂ।” ਇਸ ਸੰਬੰਧ ਵਿਚ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਬ੍ਰਿਟੇਨ ਦੇ ਆਪਣੇ ਹਮਰੁਤਬਾ ਨਾਲ ਗੱਲ ਕੀਤੀ ਹੈ।