ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ 500 ਤੋਂ ਵਧਾ ਕੇ ਕੀਤੀ 750 ਰੁਪਏ

ਚੰਡੀਗੜ੍ਹ – ”ਸੀਨਅਰ ਸਿਟੀਜਨ ਸਾਡੇ ਸਮਾਜ ਦੀ ਅਮੁੱਲ ਸੰਪਤੀ ਹੈ ਅਤੇ ਇਹ ਹਰ ਨਾਗਰਿਕ ਅਤੇ ਚੁਣੀ ਹੋਈ ਸਰਕਾਰ ਦਾ ਮੁੱਢਲਾ ਕਰਤੱਵ ਹੈ ਕਿ ਉਹ ਆਪਣੇ ਬਜੁਰਗਾਂ ਦੀ ਵਡੇਰੀ ਉਮਰ ‘ਚ ਸਹੀ ਦੇਖਭਾਲ ਕਰੇ। ਇਸੇ ਕਰਤੱਵ ਨੂੰ ਪਛਾਣਦਿਆਂ ਪੰਜਾਬ ਸਰਕਾਰ ਨੇ ਬਜੁਰਗਾਂ ਦੀ ਬੁਢਾਪਾ ਪੈਨਸ਼ਨ ਵਧਾ ਕੇ 750 ਰੁਪਏ ਕਰ ਦਿੱਤੀ ਹੈ।” ਪੰਜਾਬ ਦੀ ਸਮਾਜਿਕ ਸੁਰੱਖਿਆ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਇਹ ਸ਼ਬਦ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਇੱਕ ਵਫ਼ਦ ਨਾਲ ਮਿਲਣੀ ਮੌਕੇ ਕੀਤਾ ਜੋ ਕਿ ਵਿਸ਼ੇਸ਼ ਤੌਰ ‘ਤੇ ਬੁਢਾਪਾ ਪੈਨਸ਼ਨ ‘ਚ ਕੀਤੇ ਵਾਧੇ ਲਈ ਉਨ੍ਹਾਂ ਦਾ ਧੰਨਵਾਦ ਕਰਨ ਆਇਆ ਸੀ।
ਮੰਤਰੀ ਨੇ ਕਿਹਾ ਕਿ ਸੂਬੇ ਦੇ ਸਮੂਹ ਜ਼ਿਲ੍ਹਾ ਪ੍ਰਸਾਸ਼ਨਾਂ ਨੂੰ ਸੀਨੀਅਰ ਸਿਟੀਜਨਾਂ ਦੀ ਭਲਾਈ ਲਈ ਪਾਸ ਕੀਤੇ ਐਕਟਾਂ ਅਤੇ ਨੋਟੀਫਿਕੇਸ਼ਨਾਂ ਨੂੰ ਸਹੀ ਅਰਥਾਂ ‘ਚ ਲਾਗੂ ਕਰਨਾ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਪਲੇਠੇ ਬਜਟ ‘ਚ 36.04.65 ਕਰੋੜ ਰੁਪਏ ਸਮਾਜਿਕ ਸੁਰੱਖਿਆ ਖੇਤਰ ਲਈ ਰੱਖੇ ਗਏ ਹਨ ਇਹ ਰਾਸ਼ੀ ਪਿਛਲੇ ਸਾਲ ਪੇਸ਼ ਕੀਤੇ ਗਏ ਬਜਟ ਦੇ ਮੁਕਾਬਲੇ 9.50 ਫੀਸਦੀ ਵੱਧ ਹਨ। ਮੰਤਰੀ ਸਾਹਿਬਾਂ ਨੇ ਕਿਹਾ ਕਿ ਭਾਵੇਂ ਸੂਬਾ ਸਰਕਾਰ ਨੇ ਬੁਢਾਪਾ ਪੈਨਸ਼ਨ 500 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 750 ਰੁਪਏ ਕਰ ਦਿੱਤੀ ਹੈ ਪਰ ਫਿਰ ਵੀ ਅਸੀਂ ਸੰਜੀਦਾ ਤੌਰ ‘ਤੇ ਇਹ ਸਮਝਦੇ ਹਾਂ ਕਿ ਵਡੇਰੀ ਉਮਰ ‘ਚ ਸਾਡੇ ਬਜੁਰਗਾਂ ਨੂੰ ਸਿਹਤ ਸਮੱਸਿਆਵਾਂ ਦੇ ਨਾਲ-ਨਾਲ ਇਕੱਲਤਾ ਅਤੇ ਜਾਨੀ-ਮਾਲੀ ਅਸੁਰੱਖਿਆ ਦੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ, ਪੰਜਾਬ ਸਰਕਾਰ ਵਲੋਂ ਸੀਨੀਅਰ ਸਿਟੀਜਨਾਂ ਸਬੰਧੀ ਪਾਸ ਕੀਤੇ ਗਏ ਐਕਟਾਂ ਅਤੇ ਨੋਟੀਫਿਕੇਸ਼ਨਾਂ ਨੂੰ ਸਹੀ ਅਰਥਾਂ ‘ਚ ਲਾਗੂ ਕਰਨਾ ਯਕੀਨੀ ਬਣਾਏਗਾ।

Be the first to comment

Leave a Reply