ਬਜ਼ੁਰਗ ਨਾਮਵਰ ਕਵੀ ਸ੍ਰੀ ਗੁਰਚਰਨ ਰਾਮਪੁਰੀ ਨੂੰ ਮਿਲੇ ਰੂਪ

ਸਰੀ (ਕੈਨੇਡਾ)  :  ਸਾਹਿਤਕਾਰ ਰਿਪੁਦਮਨ ਸਿੰਘ ਰੂਪ, ਉਨ੍ਹਾਂ ਦੇ ਰੰਗਕਰਮੀ ਬੇਟੇ ਐਡਵੋਕੇਟ ਰੰਜੀਵਨ ਸਿੰਘ ਅਤੇ ਪਤਨੀ ਸਤਪਾਲ ਕੌਰ ਆਪਣੀ ਕੈਨੇਡਾ ਫੇਰੀ ਦੌਰਾਨ ਇਸ ਸਮੇਂ ਵ੍ਹੀਲ ਚੇਅਰ ਉਪਰ ਵਿਚਰ ਰਹੇ ਬਜ਼ੁਰਗ ਨਾਮਵਰ ਕਵੀ ਸ੍ਰੀ ਗੁਰਚਰਨ ਰਾਮਪੁਰੀ ਨੂੰ ਉਨ੍ਹਾਂ ਦੇ ਕੋਕਿੱਟਲਮ (ਵੈਨਕੂਵਰ) ਵਿਚਲੇ ਘਰ ਵਿਚ ਮਿਲ ਕੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਸ੍ਰੀ ਰਾਮਪੁਰੀ, ਜੋ ਬਿਰਧ ਅਤੇ ਬਿਮਾਰ ਅਵੱਸਥਾ ਦੇ ਬਾਵਜੂਦ ਵੀ ਪੂਰੇ ਚੇਤਨ ਅਤੇ ਚੜ੍ਹਦੀਕਲਾ ਵਿਚ ਹਨ, ਨੇ ਇਸ ਮੌਕੇ ਆਪਣੇ ਸਾਹਿਤਕਾਰ ਸਾਥੀਆਂ ਸੰਤੋਖ ਸਿੰਘ ਧੀਰ ਅਤੇ ਬਲਵੰਤ ਗਾਰਗੀ ਨਾਲ ਬਿਤਾਏ ਸਾਹਿਤਕ ਅਤੇ ਨਿੱਜੀ ਪਲਾਂ ਨੂੰ ਯਾਦ ਕੀਤਾ। ਪੰਜਾਬੀ ਸਾਹਿਤ ਦੇ ਇਤਿਹਾਸ, ਵਰਤਮਾਨ ਅਤੇ ਸੰਭਾਵਨਾਵਾਂ ਬਾਰੇ ਸ੍ਰੀ ਰਾਮਪੁਰੀ ਅਤੇ ਰੂਪ ਵੱਲੋਂ ਕੀਤੀ ਗਈ ਲੰਮੀ ਵਾਰਤਾਲਾਪ ਨੂੰ ਰੰਜੀਵਨ ਸਿੰਘ ਵੱਲੋਂ ਵੀਡੀਓ ਰਿਕਾਰਡ ਕੀਤਾ ਗਿਆ, ਜੋ ਆਉਂਦੇ ਸਮੇਂ ਸਮੂਹ ਪੰਜਾਬੀਆਂ ਨਾਲ ਸਾਂਝਾ ਕੀਤਾ ਜਾਵੇਗਾ।
ਵੱਖਰੇ ਤੌਰ ਉਪਰ ਰੂਪ ਪਰਿਵਾਰ ਗੁਰਦੀਪ ਭੁੱਲਰ ਅਤੇ ਜਰਨੈਲ ਪਾਰਟਿਸਟ ਦੀ ਸੇਧ ਅਤੇ ਸਰਪ੍ਰਸਤੀ ਹੇਠ ਸਰ੍ਹੀ ਵਿਖੇ ਕਿਰਿਆਸ਼ੀਲ ਗੁਰਦੀਪ ਆਰਟਸ ਅਕੈਡਮੀ ਦੇ ਵਿਹੜੇ ਪਹੁੰਚੇ, ਜਿਥੇ ਉਨ੍ਹਾਂ ਨੇ ਅਕੈਡਮੀ ਨਾਲ ਜੁੜੇ ਰੰਗ ਕਰਮੀਆਂ ਨਾਲ ਮੁਲਾਕਾਤ ਕੀਤੀ ਅਤੇ ਸਰ੍ਹੀ ਵਿਖੇ ਚੱਲ ਰਹੀਆਂ ਰੰਗਮੰਚੀ ਗੀਤਵਿਧੀਆਂ ਬਾਬਤ ਸਾਂਝਾ ਪਾਈਆਂ।
ਆਪਣੀ ਇਸੇ ਫੇਰੀ ਦੌਰਾਨ ਸਰ੍ਹੀ ਵਿਖੇ ਉੱਘੇ ਉਦਯੋਗਪਤੀ ਅਤੇ ਸਮਾਜ ਸੇਵੀ ਸੁੱਖੀ ਬਾਠ ਦੀ ਸਰਪ੍ਰਸਤੀ ਅਤੇ ਪਦਮ ਸ੍ਰੀ ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਹੋਏ ਪੰਜਾੀ ਸਾਹਿਤ ਅਤੇ ਸਭਿਆਚਾਰਕ ਸੰਮੇਲਨ (ਉੱਤਰੀ ਅਮਰੀਕਾ) ਵਿਚ ਵੀ ਰਿਪੁਦਮਨ ਸਿੰਘ ਰੂਪ ਅਤੇ ਰੰਜੀਵਨ ਸਿੰਘ ਸ਼ਮੂਲੀਅਤ ਕੀਤੀ। ਸਮਾਗਮ ਵਿਚ ਹੋਏ ਵਿਸ਼ਾਲ ਕਵੀ ਦਰਬਾਰ ਵਿਚ ਸ੍ਰੀ ਰੂਪ ਵੱਲੋਂ ਆਪਣੀ ਚਰਚਿਤ ਕਵਿਤਾ ‘ਇੱਟਾਂ’ ਅਤੇ ਰੰਜੀਵਨ ਵੱਲੋਂ ਆਪਣੀ ਨਜ਼ਮ ‘ਸੱਚ ਏਨਾ ਤੂੰ ਬੋਲ’ ਹਾਜ਼ਰੀ ਲਵਾਈ ਗਈ।
ਜ਼ਿਕਰਯੋਗ ਹੈ ਕਿ ਸ੍ਰੀ ਰੂਪ ਆਪਣੀ ਕੈਨੇਡਾ ਫੇਰੀ ਦੌਰਾਨ ਟਰਾਂਟੋ, ਵੈਨਕੂਵਰ, ਓਟਾਵਾ, ਐਡਮੰਟਨ ਅਤੇ ਕੈਲਗਿਰੀ ਜਾਣ ਮਗਰੋਂ 26 ਅਕਤੂਬਰ ਨੂੰ ਭਾਰਤ ਪਰਤਣਗੇ।

Be the first to comment

Leave a Reply