ਬੰਬ ਧਮਾਕੇ ’ਚ 90 ਵਿਅਕਤੀ ਹਲਾਕ ਅਤੇ 400 ਤੋਂ ਵੱਧ ਹੋਰ ਜ਼ਖ਼ਮੀ

TOPSHOT - Afghan security forces arrive at the site of a car bomb attack in Kabul on May 31, 2017. At least 40 people were killed or wounded on May 31 as a massive blast ripped through Kabul's diplomatic quarter, shattering the morning rush hour and bringing carnage to the streets of the Afghan capital. / AFP PHOTO / SHAH MARAI
ਕਾਬੁਲ  – ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਵਿਦੇਸ਼ੀ ਦੂਤਘਰਾਂ ਨੇੜਲੇ ਇਲਾਕੇ ’ਚ ਅੱਜ ਸਵੇਰੇ ਹੋਏ ਸ਼ਕਤੀਸ਼ਾਲੀ ਟਰੱਕ ਬੰਬ ਧਮਾਕੇ ’ਚ 90 ਵਿਅਕਤੀ ਹਲਾਕ ਅਤੇ 400 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸੈਂਕੜੇ ਮੀਟਰ ਤਕ ਖਿੜਕੀਆਂ ਅਤੇ ਸ਼ੀਸ਼ੇ ਚੂਰ-ਚੂਰ ਹੋ ਗਏ। ਇਲਾਕੇ ’ਚ ਦੇਹਾਂ ਖਿੰਡਰੀਆਂ ਪਈਆਂ ਸਨ ਅਤੇ ਉਥੋਂ ਕਾਲਾ ਧੂੰਆਂ ਉਡਦਾ ਦਿਖਾਈ ਦੇ ਰਿਹਾ ਸੀ। ਧਮਾਕਾ ਜਰਮਨ ਦੂਤਾਵਾਸ ਤੋਂ ਮਸਾਂ ਕੁੱਝ ਦੂਰ ਹੋਇਆ। ਪ੍ਰਤੱਖਦਰਸ਼ੀਆਂ ਮੁਤਾਬਕ ਮੌਕੇ ’ਤੇ ਹਫੜਾ-ਦਫੜੀ ਫੈਲ ਗਈ। ਮੁੱਢਲੀ ਜਾਣਕਾਰੀ ਅਨੁਸਾਰ ਫਿਦਾਈਨ ਟਰੱਕ ਚਲਾ ਰਿਹਾ ਸੀ ਅਤੇ ਉਸ ਨੇ ਧਮਾਕਾ ਕਰ ਦਿੱਤਾ। ਨਿਸ਼ਾਨੇ ਬਾਰੇ ਤੁਰੰਤ ਕੁੱਝ ਪਤਾ ਨਹੀਂ ਲੱਗ ਸਕਿਆ ਪਰ ਹਮਲੇ ਨੇ ਅਫ਼ਗਾਨਿਸਤਾਨ ’ਚ ਵੱਧ ਰਹੀ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਕਈ ਘੰਟਿਆਂ ਬਾਅਦ ਵੀ ਧਮਾਕੇ ਵਾਲੀ ਥਾਂ ’ਤੇ ਐਂਬੂਲੈਂਸਾਂ ਸਨ ਕਿਉਂਕਿ ਰਾਹਤ ਕਾਮੇ ਮਲਬੇ ’ਚੋਂ ਲਾਸ਼ਾਂ ਕੱਢ ਰਹੇ ਸਨ। ਸਿਹਤ ਮੰਤਰਾਲੇ ਦੇ ਤਰਜਮਾਨ ਵਾਹੀਦ ਮਜਰੂਹ ਨੇ ਦੱਸਿਆ,‘‘ਬਦਕਿਸਮਤੀ ਨਾਲ ਮ੍ਰਿਤਕਾਂ ਦੀ ਗਿਣਤੀ 90 ਤਕ ਪਹੁੰਚ ਗਈ ਹੈ ਅਤੇ 400 ਤੋਂ ਵੱਧ ਜਣੇ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚ ਕਈ ਮਹਿਲਾਵਾਂ ਅਤੇ ਬੱਚੇ ਸ਼ਾਮਲ ਹਨ।’’ ਉਸ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਮਲਬੇ ’ਚੋਂ ਹੋਰ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ। ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ, ਜਿਸ ਨੇ ਜ਼ਖ਼ਮੀਆਂ ਦੀ ਗਿਣਤੀ 320 ਦੱਸੀ ਹੈ, ਨੇ ਕਿਹਾ ਕਿ ਫਿਦਾਈਨ ਹਮਲਾਵਰ ਨੇ ਜ਼ੈਨਬਾਕ ਚੌਰਾਹੇ ’ਚ ਧਮਾਕਾਖੇਜ਼ ਸਮੱਗਰੀ ਨਾਲ ਭਰੇ ਵਾਹਨ ’ਚ ਸਵੇਰੇ ਸਾਢੇ 8 ਵਜੇ ਦੇ ਕਰੀਬ ਧਮਾਕਾ ਕੀਤਾ। ਉਨ੍ਹਾਂ ਇਕ ਬਿਆਨ ’ਚ ਕਿਹਾ ਕਿ 50 ਤੋਂ ਵੱਧ ਵਾਹਨ ਜਾਂ ਤਾਂ ਨਸ਼ਟ ਹੋ ਗਏ ਜਾਂ ਨੁਕਸਾਨੇ ਗਏ ਹਨ। ਮੰਤਰਾਲੇ ਨੇ ਕਾਬੁਲ ਵਾਸੀਆਂ ਨੂੰ ਖ਼ੂਨਦਾਨ ਕਰਨ ਲਈ ਕਿਹਾ ਹੈ।

Be the first to comment

Leave a Reply