ਬੱਸ ਅਤੇ ਕੈਂਟਰ ਦੀ ਟੱਕਰ ਨਾਲ 2 ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ

ਰਾਜਪੁਰਾ  :- ਨੇੜਲੇ ਪਿੰਡ ਖੰਡੌਲੀ ਦੇ ਮੋੜ ‘ਤੇ ਇਕ ਪੀ. ਆਰ. ਟੀ. ਸੀ. ਬੱਸ ਅਤੇ ਕੈਂਟਰ ਦੀ ਟੱਕਰ ਨਾਲ 2 ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ। ਕੈਂਟਰ ਚਾਲਕ ਦੀ ਹਾਲਤ ਗੰਭੀਰ ਹੈ।  ਮਿਲੀ ਜਾਣਕਾਰੀ ਅਨੁਸਾਰ ਸਵੇਰੇ 8 ਕੁ ਵਜੇ ਪਟਿਆਲਾ ਵੱਲੋਂ ਆ ਰਹੀ ਪੀ. ਆਰ. ਟੀ. ਸੀ. ਬੱਸ ਦੀ ਰਾਜਪੁਰਾ ਸਾਈਡ ਤੋਂ ਆ ਰਹੇ ਇਕ ਕੈਂਟਰ ਨਾਲ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਵਿਚ ਸਵਾਰ ਲਗਭਗ 45-50 ਸਵਾਰੀਆਂ ਵਿਚੋਂ 2 ਦਰਜਨ ਤੋਂ ਵੱਧ ਸਵਾਰੀਆਂ ਨੂੰ ਸੱਟਾਂ ਲੱਗੀਆਂ। ਹਾਦਸੇ ਵਿਚ ਚਾਲਕ ਰਜਿੰਦਰ ਕੈਂਟਰ ‘ਚ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਰਾਹਗੀਰਾਂ ਨੇ ਕਾਫੀ ਮੁਸ਼ੱਕਤ ਨਾਲ ਬਾਹਰ ਕੱਢਿਆ। ਰਾਹਗੀਰਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਰਾਜਪੁਰਾ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਕੈਂਟਰ ਚਾਲਕ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜਿਆ ਗਿਆ। ਜ਼ੇਰੇ-ਇਲਾਜ ਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ ਤੇ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਹ ਪਟਿਆਲਾ ਤੋਂ ਪੀ. ਜੀ. ਆਈ. ਜਾ ਰਹੇ ਹਨ। ਜਦੋਂ ਉਹ ਪਿੰਡ ਖੰਡੌਲੀ ਨੇੜੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਇਕ ਕੈਂਟਰ ਨੇ ਉਨ੍ਹਾਂ ਦੀ ਬੱਸ ਵਿਚ ਟੱਕਰ ਮਾਰੀ। ਮੌਕੇ ‘ਤੇ ਸੰਬੰਧਿਤ ਥਾਣੇ ਦੀ ਪੁਲਸ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

Be the first to comment

Leave a Reply