ਭਗੌੜੇ ਦੋਸ਼ੀਆਂ ਨੂੰ ਫੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ – ਅਮਰਿੰਦਰ ਸਿੰਘ

ਚੰਡੀਗੜ੍ਹ : ਪਠਾਨਕੋਟ ਦੇ ਸ਼ਹੀਦ ਕੁਲਵੰਤ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਉਪਰ ਹੋਏ ਹਮਲੇ ਸੰਬੰਧੀ ਪੰਜਾਬ ਪੁਲਸ ਨੇ ਆਪਣੀ ਵਿਸਤ੍ਰਤ ਰਿਪੋਰਟ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਭਗੌੜੇ ਦੋਸ਼ੀਆਂ ਨੂੰ ਫੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਇਹ ਘਟਨਾ ਵਾਇਰਲ ਹੋਣ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਘਟਨਾ ਬਾਰੇ ਜਾਂਚ ਲਈ ਤੁਰੰਤ ਡੀ.ਜੀ.ਪੀ ਨੂੰ ਨਿਰਦੇਸ਼ ਜਾਰੀ ਕੀਤੇ ਸਨ ਅਤੇ ਉਨ੍ਹਾਂ ਨੂੰ ਸ਼ਹੀਦ ਹਵਲਦਾਰ ਦੇ ਪਰਿਵਾਰ ਦੀ ਪੂਰੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ ਸੀ। ਮੁੱਖ ਮੰਤਰੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਡੀ.ਜੀ.ਪੀ ਨੇ ਇਸ ਮਾਮਲੇ ਦੀ ਤੁਰੰਤ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ। ਜਾਂਚ ਟੀਮ ਦੀ ਸਾਹਮਣੇ ਇਹ ਗੱਲ ਆਈ ਕਿ ਕੁਲਵੰਤ ਸਿੰਘ ਦੇ ਭਰਾ ਹਰਦੀਪ ਨੇ ਇਕ ਏਜੰਟ ਗੁਰਨਾਮ ਸਿੰਘ, ਚੱਕ ਸ਼ਰੀਫ ਨੂੰ 9 ਲੱਖ ਰੁਪਏ ਸਾਲ 2015 ਵਿਚ ਅਮਰੀਕਾ ਜਾਣ ਲਈ ਦਿੱਤੇ ਸਨ। ਹਰਦੀਪ ਸਿੰਘ ਨੂੰ ਅਮਰੀਕਾ ਭੇਜਣ ਵਿਚ ਨਾਕਾਮ ਰਹਿਣ ਤੋਂ ਬਾਅਦ ਏਜੰਟ ਨੇ ਉਸ ਨੂੰ 3.4 ਲੱਖ ਰੁਪਏ ਮੋੜ ਦਿੱਤੇ, 1.6 ਲੱਖ ਰੁਪਏ ਦੀ ਖਰਚੇ ਵਜੋਂ ਕਟੌਤੀ ਕਰ ਲਈ ਜਦਕਿ ਬਾਕੀ ਰਹਿੰਦੀ ਚਾਰ ਲੱਖ ਰੁਪਏ ਦੀ ਰਕਮ ਉਸ ਨੇ ਤੈਅ ਸਮੇਂ ਵਿਚ ਮੋੜਨ ਦਾ ਵਾਅਦਾ ਕਰਦੇ ਹੋਏ ਇਕ ਹਲਫੀਆ ਬਿਆਨ ‘ਤੇ ਹਸਤਾਖਰ ਕੀਤੇ।

Be the first to comment

Leave a Reply