‘ਭਰਤ ਮੁਨੀ ਮੰਚ ਸਮਰਾਟ ਐਵਾਰਡ ਪ੍ਰਦਾਨ’ ਕੇਵਲ ਧਾਲੀਵਾਲ ਨੂੰ

ਪਟਿਆਲਾ  – ਸੂਬੇ ਦੀ ਪ੍ਰਸਿੱਧ ‘ਨਿਊ ਮਹਿਕ ਕਲਚਰਲ ਫੋਰਮ’ ਪਟਿਆਲਾ ਨੇ ਆਪਣੇ 18ਵੇਂ ਸਾਲਾਨਾ ਸਥਾਪਨਾ ਦਿਵਸ ‘ਜਸ਼ਨਾਂ ਦੇ ਅਭਿਨੰਦਨ ਸੈਸ਼ਨ’ ‘ਚ ਸ਼੍ਰੋਮਣੀ ਨਾਟਕਕਾਰ, ਨੈਸ਼ਨਲ ਸੰਗੀਤ ਨਾਟਕ ਅਕੈਡਮੀ ਐਵਾਰਡੀ ਕੇਵਲ ਧਾਲੀਵਾਲ ਪ੍ਰਧਾਨ ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਨੂੰ ਸਨਮਾਨਤ ਕੀਤਾ। ਫੋਰਮ ਦੇ ਉੱਦਮੀ ਪ੍ਰਧਾਨ ਡਾ. ਨਰੇਸ਼ ਰਾਜ, ਚੀਫ ਆਰਗੇਨਾਈਜ਼ਰ ਪ੍ਰੋ. ਰਾਜਨ ਨਰੂਲਾ, ਮੈਂਬਰਾਨ ਸੁਭਾਸ਼ ਗੁਪਤਾ, ਪ੍ਰੋ. ਐੱਸ. ਸੀ. ਸ਼ਰਮਾ ਅਤੇ ਸੀਨੀਅਰ ਸਮਾਜ-ਸੇਵੀ ਰੰਗਕਰਮੀ ਪ੍ਰਾਣ ਸੱਭਰਵਾਲ ਨੇ ਸ਼੍ਰੀ ਧਾਲੀਵਾਲ ਨੂੰ ‘ਭਰਤ ਮੁਨੀ ਮੰਚ ਸਮਰਾਟ ਐਵਾਰਡ ਆਫ ਆਨਰ’, ਸ਼ਾਲ, ਗੁਲਦਸਤੇ ਅਤੇ ਨਕਦ ਉਪਹਾਰ ਸਤਿਕਾਰ ਵਜੋਂ ਭੇਟ ਕੀਤਾ। ਪ੍ਰਧਾਨ ਡਾ. ਨਰੇਸ਼ ਰਾਜ ਨੇ ਸ਼੍ਰੀ ਧਾਲੀਵਾਲ ਬਾਰੇ ਦੱਸਿਆ ਕਿ ਇਹ ਐਵਾਰਡ ਉਨ੍ਹਾਂ ਵੱਲੋਂ ਪਿਛਲੇ 30 ਸਾਲਾਂ ਦੌਰਾਨ ਰੰਗਮੰਚ ਸੰਸਥਾ ‘ਮੰਚ-ਰੰਗਮੰਚ ਅੰਮ੍ਰਿਤਸਰ’ ਹੇਠ 2000 ਤੋਂ ਵੱਧ ਪੇਸ਼ਕਾਰੀਆਂ ਦੁਆਰਾ ਪੰਜਾਬੀ ਮਾਂ-ਬੋਲੀ ਤੇ ਪੰਜਾਬੀਅਤ ਦੇ ਵਿਕਾਸ ਵੱਲ ਪਾਏ ਵਡਮੁੱਲੇ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ ਹੈ। ਵਿਸ਼ੇਸ਼ ਸੱਦੇ ‘ਤੇ ਪਹੁੰਚੇ ਨਟਾਸ ਨਿਰਦੇਸ਼ਕ ਪ੍ਰਾਣ ਸੱਭਰਵਾਲ ਫੈਲੋ ਥਿਏਟਰ ਟੈਲੀਵਿਜ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਨੇ ਦੱਸਿਆ ਕਿ ਸ਼੍ਰੀ ਧਾਲੀਵਾਲ ਪਟਿਆਲਾ ਵਿਖੇ ਉੱਚਕੋਟੀ ਦਾ ਕਲਾਤਮਕ ਸਵਰਾਜਬੀਰ ਦਾ ਲਿਖਿਆ ਪੰਜਾਬੀ ਨਾਟਕ ‘ਪੁਲਸਰਾਤ’ ਪੇਸ਼ ਕਰਨ ਲਈ ਹਾਜ਼ਰ ਸਨ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਕਲਾਕਾਰਾਂ ਨੇ ਡਾ. ਨਰੇਸ਼ ਰਾਜ ਤੇ ਟੀਮ ਵੱਲੋਂ ਮਾਲੀ ਮੁਸ਼ਕਲਾਂ ਦੇ ਬਾਵਜੂਦ ਫੋਰਮ ਦਾ ਝੰਡਾ ਬੁਲੰਦ ਰੱਖਣ ਦੇ ਯਤਨਾਂ ਅਤੇ ਪਿਛਲੇ 18 ਵਰਿਆਂ ‘ਚ ਪਹਿਲੀ ਵਾਰ ਨਾਟਕ ਪੇਸ਼ ਕਰਨ ਦੀ ਪਹਿਲਕਦਮੀ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਧਾਲੀਵਾਲ ਨੇ ਪ੍ਰਗਟਾਏ ਸਨੇਹ ਲਈ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪ੍ਰਸ਼ੰਸਕਾਂ ਦੀਆਂ ਉਮੀਦਾਂ ‘ਤੇ ਪੂਰਾ ਉਤਰਨ ਲਈ ਯਤਨਸ਼ੀਲ ਰਹਿਣਗੇ।

Be the first to comment

Leave a Reply