ਭਰਾ ਵਲੋ ਖੇਡਣਾ ਨਾ ਛੱਡਣ ਤੇ ਮਹਿਲਾ ਖਿਡਾਰਣ ਨੂੰ ਮਾਰਨ ਦੀ ਧਮਕੀ

ਸੋਨੀਪਤ — ਇਕ ਮਹਿਲਾ ਕ੍ਰਿਕਟਰ ਦੇ ਭਰਾ ਨੇ ਉਸਨੂੰ ਖੇਡਣਾ ਛੱਡਣ ਲਈ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ। ਖਿਡਾਰਣ ਅੰਡਰ-19 ਟੀਮ ‘ਚ ਹਰਿਆਣਾ ਦੀ ਟੀਮ ਵਲੋਂ ਖੇਡ ਚੁੱਕੀ ਹੈ। ਹੁਣ ਉਸਦੇ ਭਰਾ ਨੂੰ ਆਪਣੀ ਭੈਣ ਦਾ ਕ੍ਰਿਕਟ ਖੇਡਣਾ ਪਸੰਦ ਨਹੀਂ ਹੈ, ਜਿਸ ਕਾਰਨ ਉਹ ਆਪਣੀ ਭੈਣ ਨੂੰ ਖੇਡਣਾ ਛੱਡਣ ਲਈ ਮਜ਼ਬੂਰ ਕਰ ਰਿਹਾ ਸੀ। ਦੋਸ਼ ਹੈ ਕਿ ਭਰਾ ਦੀ ਧਮਕੀ ਤੋਂ ਡਰ ਕੇ ਉਸਨੇ ਖੇਡਣਾ ਅਤੇ ਪੜ੍ਹਾਈ ਦੋਵੇਂ ਛੱਡ ਦਿੱਤੇ ਪਰ ਉਹ ਖੇਡਣਾ ਚਾਹੁੰਦੀ ਹੈ ਅਤੇ ਪੜ੍ਹਾਈ ਵੀ ਪੂਰੀ ਕਰਨਾ ਚਾਹੁੰਦੀ ਹੈ। ਖਿਡਾਰਣ ਨੇ ਭਰਾ ਦੇ ਖਿਲਾਫ ਪੁਲਸ ਥਾਣੇ ‘ਚ ਸ਼ਿਕਾਇਤ ਦੇ ਕੇ ਸੁਰੱਖਿਆ ਦੀ ਅਪੀਲ ਕੀਤੀ ਹੈ।
ਮਹਿਲਾ ਕ੍ਰਿਕਟਰ ਨੇ ਪੁਲਸ ਨੂੰ ਦੱਸਿਆ ਕਿ ਉਹ ਕਈ ਪੱਧਰ ‘ਤੇ ਸੂਬੇ ਦੀ ਟੀਮ ਵਲੋਂ ਖੇਡ ਚੁੱਕੀ ਹੈ। ਇਥੋਂ ਤੱਕ ਪਹੁੰਚਣ ਲਈ ਉਸਨੇ ਬਹੁਤ ਸਖਤ ਮਿਹਨਤ ਕੀਤੀ ਹੈ ਪਰ ਭਰਾ ਨੂੰ ਉਸਦਾ ਖੇਡਣਾ ਪਸੰਦ ਨਹੀਂ ਹੈ। ਉਸਨੇ ਗੋਲੀ ਮਾਰਨ ਦੀ ਧਮਕੀ ਦੇ ਕੇ ਪੜ੍ਹਾਈ ਅਤੇ ਕ੍ਰਿਕਟ ਦੋਵੇਂ ਛੁਡਾ ਲਏ ਹਨ। ਭਰਾ ਕਈ ਵਾਰ ਕੁੱਟਮਾਰ ਵੀ ਕਰ ਚੁੱਕਾ ਹੈ। ਖਿਡਾਰਣ ਨੇ ਦੱਸਿਆ ਕਿ ਉਸਨੇ ਆਪਣੇ ਸਾਥੀ ਖਿਡਾਰੀਆਂ ਅਤੇ ਕਾਲਜ ਦੇ ਅਧਿਆਪਕ ਨੂੰ ਵੀ ਆਪਣੀ ਸਮੱਸਿਆ ਬਾਰੇ ਦੱਸਿਆ ਹੈ ਪਰ ਕੋਈ ਵੀ ਉਸਦੀ ਸਹਾਇਤਾ ਨਹੀਂ ਕਰ ਰਿਹਾ। ਉਸਨੇ ਪਰਿਵਾਰ ਤੋਂ ਦੂਰ ਰਹਿ ਕੇ ਖੇਡਣ ਅਤੇ ਪੜਣ ਦੀ ਇੱਛਾ ਜ਼ਾਹਰ ਕੀਤੀ ਹੈ। ਉਸਨੇ ਦੱਸਿਆ ਕਿ ਉਸਦੇ ਪਿਤਾ ਵੀ ਭਰਾਵਾਂ ਅਤੇ ਮਾਂ ਦੇ ਅੱਗੇ ਲਾਚਾਰ ਹਨ।
ਥਾਣੇ ਦੇ ਸੁਪਰਡੰਟ ਦਲਬੀਰ ਨੇ ਦੱਸਿਆ ਕਿ ਥਾਣਾ ਖੇਤਰ ਦੀ ਰਹਿਣ ਵਾਲੀ ਇਕ ਲੜਕੀ ਨੇ ਇਸ ਬਾਰੇ ਸ਼ਿਕਾਇਤ ਦਿੱਤੀ ਹੈ। ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਦੋਸ਼ੀ ਬੀਮਾਰ ਹੈ। ਇਸਲਈ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

Be the first to comment

Leave a Reply