ਭਾਜਪਾ ਤੇ ਆਰਐੱਸਐੱਸ ਪਾ ਰਹੀਆਂ ਹਨ ਦੇਸ਼ ’ਚ ਵੰਡੀਆਂ – ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਤੇ ਆਰਐੱਸਐੱਸ ’ਤੇ ਤਿੱਖਾ ਹੱਲਾ ਬੋਲਦਿਆਂ ਕਿਹਾ ਕਿ ਇਨ੍ਹਾਂ ਦੇ ਲੋਕ ਦੇਸ਼ ਨੂੰ ਵੰਡਣ ਤੇ ਨਫਰਤ ਫੈਲਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਭਾਰਤ ਨੂੰ ਜੋੜਨ ਦਾ ਕੰਮ ਕਰਦੀ ਹੈ। ਉਹ ਬੀਤੀ ਰਾਤ ਜਰਮਨੀ ਦੀ ਰਾਜਧਾਨੀ ’ਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ‘ਇੰਡੀਅਨ ਓਵਰਸੀਜ਼ ਕਾਂਗਰਸ’ ਨੇ ਕਰਵਾਇਆ ਸੀ। ਉਨ੍ਹਾਂ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਲੰਮੇ-ਲੰਮੇ ਭਾਸ਼ਣ ਦਿੱਤੇ ਜਾ ਰਹੇ ਹਨ ਅਤੇ ਨਫਰਤ ਪੈਦਾ ਕੀਤੀ ਜਾ ਰਹੀ ਹੈ, ਪਰ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਨੌਜਵਾਨ ਆਪਣੇ ਲਈ ਬਿਹਤਰ ਭਵਿੱਖ ਨਹੀਂ ਦੇਖ ਪਾ ਰਹੇ। ਸ੍ਰੀ ਗਾਂਧੀ ਨੇ ਕਿਹਾ, ‘ਕਾਂਗਰਸ ਦਾ ਮਤਲਬ ਹਿੰਦੁਸਤਾਨ ਦੇ ਲੋਕਾਂ ਨੂੰ ਆਪਸ ’ਚ ਜੋੜਨਾ ਹੈ। ਇਹ ਸੋਚ ਤੁਹਾਡੇ ਸਾਰੇ ਲੋਕਾਂ ’ਚ ਹੈ। ਲੋਕਾਂ ਨੂੰ ਜੋੜਨ ਤੇ ਉਨ੍ਹਾਂ ਨੂੰ ਨਾਲ ਕੇ ਲੈ ਚੱਲਣ ਦੀ ਸੋਚ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਤੋਂ ਮਿਲੀ ਹੈ।’
ਉਨ੍ਹਾਂ ਇਸ ਮੌਕੇ ਸਿੱਖ ਧਰਮ ਦੀ ‘ਲੰਗਰ’ ਦੀ ਰਵਾਇਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਦੇ ਫ਼ਲਸਫ਼ੇ ਮੁਤਾਬਕ ਚੱਲਦੇ ਹਨ। ਉਨ੍ਹਾਂ ਕਿਹਾ, ‘ਸਾਡੀ ਤਾਕਤ ਵੰਨ ਸੁਵੰਨਤਾ ’ਚ ਏਕਤਾ ਹੈ। ਹਿੰਦੁਸਤਾਨ ਦਾ ਇਹੀ ਫਲਸਫਾ ਹੈ ਕਿ ਕਮਜ਼ੋਰ ਵਿਅਕਤੀ ਦੀ ਸੁਣੀ ਜਾਵੇ ਤੇ ਉਸ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਮੁਕਾਬਲਾ ਚੀਨ ਨਾਲ ਹੈ। ਚੀਨ ਦੀ ਸਰਕਾਰ 24 ਘੰਟੇ ’ਚ 50 ਹਜ਼ਾਰ ਲੋਕਾਂ ਨੂੰ ਨੌਕਰੀਆਂ ਦਿੰਦੀ ਹੈ ਜਦਕਿ ਭਾਰਤ ਸਰਕਾਰ ਇੰਨੇ ਸਮੇਂ ’ਚ ਸਿਰਫ਼ 450 ਲੋਕਾਂ ਨੂੰ ਨੌਕਰੀਆਂ ਦਿੰਦੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਥੇ ਰਣਨੀਤਕ ਅਧਿਐਨ ਬਾਰੇ ਕੌਮਾਂਤਰੀ ਸੰਸਥਾ ’ਚ ਸੰਬੋਧਨ ਕਰਦਿਆਂ ਆਰਐੱਸਐੈੱਸ ਦੀ ਤੁਲਨਾ ਅਰਬ ਮੁਲਕਾਂ ’ਚ ਕੰਮ ਕਰ ਰਹੇ ਇਸਲਾਮਿਕ ਧੜੇ ‘ਮੁਸਲਿਮ ਬ੍ਰਦਰਹੁੱਡ’ ਨਾਲ ਕੀਤੀ ਅਤੇ ਦੋਸ਼ ਲਾਇਆ ਕਿ ਇਹ ਸੰਸਥਾ ਭਾਰਤ ਦੇ ਜਮਹੂਰੀ ਕਿਰਦਾਰ ਨੂੰ ਬਦਲਣ ਤੇ ਇਸ ਦੀਆਂ ਸੰਸਥਾਵਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 1984 ਦੇ ਸਿੱਖ ਵਿਰੋਧੀ ਦੰਗਿਆਂ ’ਚ ਕਾਂਗਰਸ ਪਾਰਟੀ ਦੀ ਸ਼ਮੂਲੀਅਤ ਬਾਰੇ ਰਾਹੁਲ ਗਾਂਧੀ ਨੇ ਅਸਹਿਮਤੀ ਜਤਾਈ ਅਤੇ ਕਿਹਾ ਕਿ ਕਾਂਗਰਸ ਇਨ੍ਹਾਂ ਦੰਗਿਆਂ ’ਚ ਸ਼ਾਮਲ ਨਹੀਂ ਸੀ। ਰਾਹੁਲ ਨੇ ਕਿਹਾ,‘‘ਭਾਰਤ ’ਚ ਕਾਨੂੰਨੀ ਅਮਲ ਚੱਲ ਰਿਹਾ ਹੈ ਅਤੇ ਮੇਰੇ ਹਿਸਾਬ ਨਾਲ ਜਿਸ ਨੇ ਵੀ ਉਸ ਸਮੇਂ ਕੁਝ ਗ਼ਲਤ ਕੀਤਾ ਹੈ, ਉਸ ਨੂੰ ਸਜ਼ਾ ਹੋਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪਾਕਿਸਤਾਨ ਪ੍ਰਤੀ ਕੋਈ ਗੰਭੀਰ ਰਣਨੀਤੀ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸਲਾਮਾਬਾਦ ਨਾਲ ਗੱਲਬਾਤ ਅੱਗੇ ਵਧਾਉਣੀ ਸੌਖੀ ਨਹੀਂ ਹੈ। ਉਨ੍ਹਾਂ ਕਿਹਾ ਕਿ 1947 ’ਚ ਆਜ਼ਾਦੀ ਤੋਂ ਬਾਅਦ ਪਾਕਿਸਤਾਨ ’ਤੇ ਫੌਜ ਦਾ ਦਬਦਬਾ ਰਿਹਾ ਹੈ।