ਭਾਰਤੀ ਕ੍ਰਿਕਟ ਟੀਮ ਸ਼੍ਰੀਲੰਕਾ ਵਿਰੁੱਧ ਸੀਰੀਜ਼ ‘ਚ ਬੁੱਧਵਾਰ ਨੂੰ ਹੋਣ ਵਾਲੇ ਦੂਜੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ‘ਚ ਉਤਰੇਗੀ

ਮੋਹਾਲੀ— ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਪਹਿਲਾ ਹੀ ਵਨ ਡੇ ਸ਼ਰਮਨਾਕ ਤਰੀਕੇ ਨਾਲ ਹਾਰ ਜਾਣ ਵਾਲੀ ਭਾਰਤੀ ਕ੍ਰਿਕਟ ਟੀਮ ਸ਼੍ਰੀਲੰਕਾ ਵਿਰੁੱਧ ਸੀਰੀਜ਼ ‘ਚ ਬੁੱਧਵਾਰ ਨੂੰ ਹੋਣ ਵਾਲੇ ਦੂਜੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ‘ਚ ਉਤਰੇਗੀ।ਭਾਰਤ ਵਿਰੁੱਧ ਲਗਾਤਾਰ 10 ਮੈਚ ਹਾਰ ਜਾਣ ਤੋਂ ਬਾਅਦ ਸ਼੍ਰੀਲੰਕਾਈ ਟੀਮ ਨੇ ਉਸੇ ਦੀ ਧਰਤੀ ‘ਤੇ ਲੰਬੇ ਸਮੇਂ ਬਾਅਦ ਜਿੱਤ ਦਰਜ ਕਰ ਕੇ 3 ਵਨ ਡੇ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ। ਸ਼੍ਰੀਲੰਕਾ ਨੇ ਧਰਮਸ਼ਾਲਾ ‘ਚ ਹੋਏ ਮੈਚ ਵਿਚ ਭਾਰਤੀ ਟੀਮ ਨੂੰ 112 ‘ਤੇ ਸਮੇਟਣ ਤੋਂ ਬਾਅਦ 21 ਓਵਰ ਪੂਰੇ ਹੋਣ ਤੋਂ ਪਹਿਲਾਂ ਹੀ 7 ਵਿਕਟਾਂ ਨਾਲ ਮੈਚ ਜਿੱਤ ਲਿਆ ਸੀ। ਸੋਮਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝਾ ਵਿਰਾਟ ਕੋਹਲੀ ਫਿਲਹਾਲ ਟੀਮ ਨਾਲ ਨਹੀਂ ਹੈ ਤੇ ਅਜਿਹੇ ਹਾਲਾਤ ‘ਚ ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਟੀਮ ਨੂੰ ਮਿਲੀ ਇਸ ਸ਼ਰਮਨਾਕ ਹਾਰ ਨੇ ਇਹ ਸਵਾਲ ਫਿਰ ਤੋਂ ਖੜ੍ਹਾ ਕਰ ਦਿੱਤਾ ਹੈ ਕਿ ਭਾਰਤ ਕਾਫੀ ਹੱਦ ਤਕ ਵਿਰਾਟ ‘ਤੇ ਹੀ ਨਿਰਭਰ ਹੈ। ਟੀਮ ਦੇ ਬਾਕੀ ਮੈਂਬਰਾਂ ਲਈ ‘ਕਰੋ ਜਾਂ ਮਰੋ’ ਦਾ ਇਹ ਮੈਚ ਆਪਣੀ ਅਹਿਮੀਅਤ ਸਾਬਤ ਕਰਾਉਣ ਲਈ ਸੀਰੀਜ਼ ਵਿਚ ਬਣੇ ਰਹਿਣ ਦੇ ਲਿਹਾਜ਼ ਨਾਲ ਵੀ ਅਹਿਮ ਹੈ।ਖੁਦ ਰੋਹਿਤ ਨੇ ਵੀ ਮੰਨਿਆ ਸੀ ਕਿ ਇਹ ਹਾਰ ਟੀਮ ਲਈ ਅੱਖਾਂ ਖੋਲ੍ਹਣ ਵਾਲੀ ਹੈ। ਇਸ ਮੈਚ ‘ਚ ਇਕ ਵਾਰ ਫਿਰ ਤੋਂ ਮਹਿੰਦਰ ਸਿੰਘ ਧੋਨੀ ਹੀ ਹੀਰੋ ਸਾਬਤ ਹੋਇਆ ਸੀ, ਜਿਸ ਨੇ ਇਕ ਪਾਸਾ ਸੰਭਾਲਦੇ ਹੋਏ 65 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਤੇ ਟੀਮ ਨੂੰ ਘੱਟ ਤੋਂ ਘੱਟ 100 ਦੇ ਪਾਰ ਪਹੁੰਚਾਇਆ ਸੀ। ਅਜਿਹੀ ਸਥਿਤੀ ‘ਚ ਮੋਹਾਲੀ ਵਿਚ ਵੀ ਸਾਬਕਾ ਕਪਤਾਨ ‘ਤੇ ਇਸ ਮਹੱਤਵਪੂਰਨ ਮੈਚ ‘ਚ ਟੀਮ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੋਵੇਗੀ। ਧਰਮਸ਼ਾਲਾ ‘ਚ ਵਿਰਾਟ ਮਾਈਨਸ ਭਾਰਤੀ ਟੀਮ ਦੇ ਬੱਲੇਬਾਜ਼ਾਂ ਦੀ ਸ਼੍ਰੀਲੰਕਾਈ ਗੇਂਦਬਾਜ਼ਾਂ ਨੇ ਜਮ ਕੇ ਖਬਰ ਲਈ ਸੀ, ਜਿਸ ਵਿਚ ਸੁਰੰਗਾ ਲਕਮਲ 10 ਓਵਰਾਂ ਵਿਚ ਸਿਰਫ 13 ਦੌੜਾਂ ‘ਤੇ 4 ਵਿਕਟਾਂ ਲੈ ਕੇ ਸਭ ਤੋਂ ਸਫਲ ਤੇ ਪ੍ਰਭਾਵਸ਼ਾਲੀ ਰਿਹਾ ਸੀ।

Be the first to comment

Leave a Reply