ਭਾਰਤੀ ਟੀਮ ਦੇ ਪ੍ਰਸਿੱਧ ਖਿਡਾਰੀ ਰਹੇ ਮੁਹੰਮਦ ਕੈਫ਼ ਨੇ ਕ੍ਰਿਕੇਟ ਤੋਂ ਪੂਰਨ ਰੂਪ ਵਿੱਚ ਸੰਨਿਆਸ ਲੈ ਲਿਆ ਹੈ

ਨਵੀਂ ਦਿੱਲੀ: ਭਾਰਤੀ ਟੀਮ ਦੇ ਪ੍ਰਸਿੱਧ ਖਿਡਾਰੀ ਰਹੇ ਮੁਹੰਮਦ ਕੈਫ਼ ਨੇ ਕ੍ਰਿਕੇਟ ਤੋਂ ਪੂਰਨ ਰੂਪ ਵਿੱਚ ਸੰਨਿਆਸ ਲੈ ਲਿਆ ਹੈ। ਕੈਫ਼ ਤੇ ਯੁਵਰਾਜ ਭਾਰਤੀ ਕ੍ਰਿਕੇਟ ਟੀਮ ਦੇ ਖੇਤਰ ਰੱਖਿਆ ਯਾਨੀ ਫੀਲਡਿੰਗ ਦੇ ਮਜ਼ਬੂਤ ਥੰਮ੍ਹ ਮੰਨੇ ਜਾਂਦੇ ਹਨ। ਯੁਵਰਾਜ ਨਾਲ ਰਲ਼ ਕੇ ਮੁਹੰਮਦ ਕੈਫ਼ ਨੇ 16 ਸਾਲ ਪਹਿਲਾਂ ਲਾਰਡ’ਜ਼ ’ਤੇ ਭਾਰਤ ਨੂੰ ਯਾਦਗਾਰੀ ਇੱਕ ਰੋਜ਼ਾ ਮੈਚ ਵਿੱਚ ਜਿੱਤ ਦਿਵਾਈ ਸੀ।

ਦੇਸ਼ ਲਈ ਆਖ਼ਰੀ ਮੈਚ ਖੇਡਣ ਦੇ ਕਰੀਬ 12 ਸਾਲ ਮਗਰੋਂ 37 ਸਾਲ ਦੇ ਕੈਫ਼ ਨੇ ਆਪਣੇ ਟਵਿੱਟਰ ਪੇਜ ’ਤੇ ਜਜ਼ਬਾਤੀ ਸੁਨੇਹਾ ਲਿਖ ਕੇ ਇਸ ਦਾ ਐਲਾਨ ਕੀਤਾ। ਕੈਫ਼ ਨੇ ਲਿਖਿਆ, ‘‘13 ਜੁਲਾਈ ਨੂੰ ਇਹ ਐਲਾਨ ਕਰਨ ਦਾ ਕਾਰਨ ਹੈ। ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਅਜਿਹਾ ਪਲ ਆਉਂਦਾ ਹੈ ਜੋ ਸਾਡੀ ਪਛਾਣ ਬਣ ਜਾਂਦਾ ਹੈ। 16 ਸਾਲ ਪਹਿਲਾਂ 13 ਜੁਲਾਈ 2002 ਨੂੰ ਲਾਰਡ’ਜ਼ ’ਤੇ ਅਸੀਂ ਉਹ ਪਲ ਹੰਢਾਇਆ। ਇਸੇ ਦਿਨ ਖੇਡ ਨੂੰ ਅਲਵਿਦਾ ਕਹਿਣਾ ਸਹੀ ਲੱਗਿਆ।’’

37 ਸਾਲਾ ਕੈਫ਼ ਨੇ 13 ਟੈਸਟ, 125 ਇੱਕ ਰੋਜ਼ਾ ਖੇਡੇ ਸਨ ਅਤੇ ਉਸ ਨੂੰ ਲਾਰਡ’ਜ਼ ’ਤੇ 2002 ਵਿੱਚ ਨੈਟਵੇਸਟ ਟਰਾਫੀ ਫਾਈਨਲ ਵਿੱਚ 87 ਦੌੜਾਂ ਦੀ ਮੈਚ ਜਿਤਾਉਣ ਵਾਲੀ ਪਾਰੀ ਲਈ ਜਾਣਿਆ ਜਾਂਦਾ ਹੈ।