ਭਾਰਤੀ ਮਹਿਲਾਵਾਂ ਸੀਰੀਜ਼ ਦੀ ਸਮਾਪਤੀ ਕਰਨਾ ਚਾਹੁਣਗੀਆਂ ਸਵੈਗ ਨਾਲ

ਕੇਪਟਾਊਨ— 5 ਮੈਚਾਂ ਦੀ ਟੀ-20 ਸੀਰੀਜ਼ ‘ਚ 2-1 ਦੀ ਅਜਤੂ ਬੜ੍ਹਤ ਹਾਸਲ ਕਰ ਚੁੱਕੀ ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ਨੀਵਾਰ ਨੂੰ ਮੇਜ਼ਬਾਨ ਦੱਖਣੀ ਅਫਰੀਕਾ ਵਿਰੁੱਧ 5ਵੇਂ ਤੇ ਆਖਰੀ ਮੈਚ ਨੂੰ ਜਿੱਤ ਕੇ ਸਵੈਗ ਨਾਲ ਸੀਰੀਜ਼ ਦੀ ਸਮਾਪਤੀ ਕਰਨਾ ਚਾਹੇਗੀ।
ਭਾਰਤੀ ਟੀਮ 3 ਮੈਚਾਂ ਦੀ ਵਨ ਡੇ ਸੀਰੀਜ਼ ਨੂੰ ਪਹਿਲਾਂ ਹੀ 2-1 ਨਾਲ ਆਪਣੇ ਨਾਂ ਕਰ ਚੁੱਕੀ ਹੈ ਤੇ ਉਹ ਹੁਣ ਟੀ-20 ਸੀਰੀਜ਼ ਵਿਚ ਵੀ 2-1 ਨਾਲ ਅੱਗੇ ਹੈ। ਸੀਰੀਜ਼ ਦਾ ਚੌਥਾ ਮੈਚ ਸੈਂਚੁਰੀਅਨ ‘ਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਭਾਰਤ ਨੇ ਪਹਿਲੇ ਦੋ ਮੈਚ ਕ੍ਰਮਵਾਰ 7 ਤੇ 9 ਵਿਕਟਾਂ ਨਾਲ ਜਿੱਤੇ ਸਨ ਪਰ ਤੀਜੇ ਮੈਚ ਵਿਚ ਉਸ ਨੂੰ ਮੇਜ਼ਬਾਨ ਟੀਮ ਹੱਥੋਂ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਪਤਾਨ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਜੇਕਰ ਸ਼ਨੀਵਾਰ ਨੂੰ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰ ਲੈਂਦੀ ਹੈ ਤਾਂ ਉਹ ਦੱਖਣੀ ਅਫਰੀਕਾ ਦੌਰੇ ਵਿਚ ਇਕ ਦੌਰੇ ‘ਤੇ ਦੋ ਸੀਰੀਜ਼ ਜਿੱਤਣ ਵਾਲੀ ਪਹਿਲੀ ਭਾਰਤੀ ਟੀਮ ਬਣ ਜਾਵੇਗੀ। ਭਾਰਤ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਵਿਚ ਟੀ-20 ਸੀਰੀਜ਼ ਜਿੱਤੀ ਸੀ। ਉਥੇ ਹੀ ਦੱਖਣੀ ਅਫਰੀਕੀ ਮਹਿਲਾਵਾਂ ਵੀ ਪੰਜਵੇਂ ਤੇ ਆਖਰੀ ਮੈਚ ਨੂੰ ਜਿੱਤ ਕੇ ਸੀਰੀਜ਼ ਦੀ ਸਮਾਪਤੀ 2-2 ਦੀ ਬਰਾਬਰੀ ਨਾਲ ਕਰਨਾ ਚਾਹੁਣਗੀਆਂ। ਤੀਜਾ ਮੈਚ ਜਿੱਤਣ ਨਾਲ ਮੇਜ਼ਬਾਨ ਟੀਮ ਦਾ ਮਨੋਬਲ ਵਧਿਆ ਹੈ ਤੇ ਉਹ ਇਸ ਉੱਚੇ ਮਨੋਬਲ ਨਾਲ ਆਖਰੀ ਮੈਚ ਵਿਚ ਉਤਰੇਗੀ।

Be the first to comment

Leave a Reply