ਭਾਰਤੀ ਮਹਿਲਾ ਹਾਕੀ ਟੀਮ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਫਾਈਨਲ ‘ਚ

ਡੋਂਘਾਈ ਸਿਟੀ – ਸਾਬਕਾ ਚੈਂਪੀਅਨ ਭਾਰਤ ਨੇ ਅੱਜ ਮਲੇਸ਼ੀਆ ਨੂੰ 3-2 ਨਾਲ ਹਰਾ ਕੇ ਮਹਿਲਾਵਾਂ ਦੇ ਏਸ਼ੀਆਈ ਚੈਂਪੀਅਨ ਟਰਾਫੀ ਹਾਕੀ ਟੂਰਨਾਮੈਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਭਾਰਤ ਨੇ ਪਿਛਲੇ ਦੋ ਮੈਚਾਂ ‘ਚ ਜਾਪਾਨ ਨੂੰ 4-1 ਅਤੇ 3-1 ਨਾਲ ਹਰਾਇਆ ਸੀ। 9 ਅੰਕਾਂ ਨਾਲ ਪੂਲ ‘ਚ ਚੋਟੀ ‘ਤੇ ਕਾਬਿਜ਼ ਭਾਰਤ ਨੂੰ ਆਖਰੀ ਪੂਲ ਮੈਚ ਸ਼ਨੀਵਾਰ ਕੋਰੀਆ ਨਾਲ ਖੇਡਣਾ ਹੈ ਅਤੇ ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ। ਭਾਰਤ ਦੇ ਲਈ ਗੁਰਜੀਤ ਕੌਰ ਨੇ 17ਵੇਂ ਮਿੰਟ ਅਤੇ ਵੰਦਨਾ ਕਟਾਰੀਆ ਨੇ 33ਵੇਂ ਮਿੰਟ ‘ਤੇ ਗੋਲ ਕੀਤਾ ਜਦਕਿ ਮਲੇਸ਼ੀਆ ਵਲੋਂ ਨੂਰੈਨੀ ਰਾਸ਼ਿਦ ਅਤੇ ਹਾਨਿਸ ਓਨ ਨੇ ਗੋਲ ਕੀਤੇ। ਕਪਤਾਨ ਸੁਨੀਤਾ ਲਾਕੜਾ ਨੇ ਮੈਚ ਦੇ ਬਾਅਦ ਕਿਹਾ, ਅਸੀਂ ਗੋਲ ਕਰਨ ਲਈ ਕੁਝ ਹੋਰ ਮੌਕਿਆਂ ਦਾ ਫਾਇਦਾ ਉਠਾ ਸਕਦੇ ਸੀ। ਇਸ ਜਿੱਤ ਤੋਂ ਅਸੀਂ ਖੁਸ਼ ਹਾਂ, ਪਰ ਜਿਸ ਤਰੀਕੇ ਨਾਲ ਖੇਡੇ ਉਸ ਤੋਂ ਖੁਸ਼ ਨਹੀਂ ਹਾਂ। ਅਸੀਂ ਹੋਟਲ ‘ਚ ਜਾ ਕੇ ਆਪਣੀਆਂ ਗਲਤੀਆਂ ‘ਤੇ ਗੱਲ ਕਰਾਂਗੇ ਤਾਕਿ ਅਗਲੇ ਮੈਚ ‘ਚ ਬਿਹਤਰ ਪ੍ਰਦਰਸ਼ਨ ਕਰ ਸਕੀਏ। ਪਹਿਲੇ ਕੁਆਰਟਰ ‘ਚ ਦੋਵੇਂ ਟੀਮਾਂ ਨੂੰ ਪਨੈਲਟੀ ਕਾਰਨਰ ਮਿਲਿਆ ਪਰ ਗੋਲ ਨਾ ਹੋ ਸਕਿਆ। ਪ੍ਰੈਕਿਟ ਮੈਚ ਇਸ ਟੀਮ ਨੂੰ 6 ਗੋਲ ਨਾਲ ਹਰਾਉਣ ਵਾਲੀ ਭਾਰਤੀ ਟੀਮ ਵਲੋਂ ਪਹਿਲਾ ਗੋਲ ਗੁਰਜੀਤ ਨੇ ਕੀਤਾ। ਮਲੇਸ਼ੀਆ ਦੇ ਡਿਫੈਂਡਰਾਂ ਨੇ ਭਾਰਤੀ ਲਾਈਨ ਨੂੰ ਗੋਲ ਕਰਨ ਦੇ ਮੌਕੇ ਨਹੀਂ ਦਿੱਤੇ ਅਤੇ ਦਬਾਅ ਬਣਾ ਕੇ ਰੱਖਿਆ। ਹਾਫ ਟਾਈਮ ਦੇ ਬਾਅਦ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ। ਜਵਾਬੀ ਹਮਲੇ ‘ਚ ਵੰਦਨਾ ਨੇ 33ਵੇਂ ਮਿੰਟ ‘ਚ ਦੂਜਾ ਗੋਲ ਕੀਤਾ। ਭਾਰਤ ਨੇ ਇਸਦੇ ਤੁਰੰਤ ਬਾਅਦ ਪਨੈਲਟੀ ਗੋਲ ਗੁਆ ਦਿੱਤਾ। ਭਾਰਤ ਨੂੰ ਅਗਲੇ ਮਿੰਟ 3 ਪਨੈਲਟੀ ਕਾਰਨਰ ਮਿਲੇ ਪਰ ਉਹ ਇਕ ਵੀ ਗੋਲ ਕਰਨ ‘ਚ ਕਾਮਯਾਬ ਨਾ ਹੋਏ। ਤੀਜਾ ਗੋਲ ਲਾਲਰੇਮਸਿਆਮੀ ਨੇ ਕੀਤਾ ਜਿਸਨੂੰ ਸਰਕਲ ਦੇ ਅੰਦਰ ਕਪਤਾਨ ਸੁਨੀਤਾ ਕੋਲੋਂ ਪਾਸ ਮਿਲਿਆ ਸੀ। ਆਖਰੀ ਕੁਆਰਟਰ ‘ਚ ਮਲੇਸ਼ੀਆ ਨੇ ਗੋਲ ਕੀਤਾ ਪਰ ਟੀਮ ਨੂੰ ਬਰਾਬਰੀ ‘ਤੇ ਨਾ ਲਿਆ ਸਕੀ।