ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਬੁੱਧਵਾਰ ਨੂੰ ਪਾਲਿਸੀ ਰੇਟ ‘ਤੇ ਆਪਣੇ ਫੈਸਲੇ ਦਾ ਕਰੇਗਾ ਐਲਾਨ

ਮੁੰਬਈ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਬੁੱਧਵਾਰ ਨੂੰ ਪਾਲਿਸੀ ਰੇਟ ‘ਤੇ ਆਪਣੇ ਫੈਸਲੇ ਦਾ ਐਲਾਨ ਕਰੇਗਾ। ਜੇਕਰ ਆਰ. ਬੀ. ਆਈ. ਪਾਲਿਸੀ ਰੇਟ ‘ਚ ਕਟੌਤੀ ਕਰਦਾ ਹੈ ਤਾਂ ਇਸ ਨਾਲ ਬੈਂਕਾਂ ਵੱਲੋਂ ਕਰਜ਼ਾ ਸਸਤਾ ਕਰਨਾ ਆਸਾਨ ਹੋ ਜਾਵੇਗਾ, ਜਿਸ ਦਾ ਸਿੱਧਾ ਸੰਬੰਧ ਤੁਹਾਡੇ ਨਾਲ ਹੈ। ਹਾਲਾਂਕਿ ਮਹਿੰਗਾਈ ਦਰ ਵਧਣ ਦੇ ਖਦਸ਼ੇ ਕਾਰਨ ਦਰਾਂ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਸਤੇ ਕਰਜ਼ੇ ਦੀ ਉਮੀਦ ਨੂੰ ਲਗਾਤਾਰ ਦੂਜਾ ਝਟਕਾ ਹੋਵੇਗਾ। ਇਸ ਤੋਂ ਪਹਿਲਾਂ ਅਕਤੂਬਰ ‘ਚ ਹੋਈ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ ‘ਚ ਵੀ ਆਰ. ਬੀ. ਆਈ. ਨੇ ਪਾਲਿਸੀ ਰੇਟ ਨੂੰ 6 ਫੀਸਦੀ ‘ਤੇ ਬਰਕਰਾਰ ਰੱਖਿਆ ਸੀ। ਉੱਥੇ ਹੀ, ਇਸ ਵਾਰ ਸਤੰਬਰ ਦੀ ਤਿਮਾਹੀ ‘ਚ ਵਿਕਾਸ ਦਰ ਨੇ ਰਫਤਾਰ ਫੜ੍ਹਦੇ ਹੋਏ 6.3 ਫੀਸਦੀ ਦਾ ਪੱਧਰ ਹਾਸਲ ਕੀਤਾ ਹੈ, ਜੋ ਕਿ ਲਗਾਤਾਰ ਪੰਜ ਤਿਮਾਹੀਆਂ ‘ਚ ਕਮਜ਼ੋਰ ਰਹੀ ਸੀ। ਇਸ ਨੂੰ ਧਿਆਨ ‘ਚ ਰੱਖ ਕੇ ਆਰ. ਬੀ. ਆਈ. ਦਰਾਂ ‘ਚ ਕੌਟਤੀ ਵੀ ਕਰ ਸਕਦਾ ਹੈ ਪਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਅਜਿਹੀ ਸੰਭਾਵਨਾ ਘੱਟ ਹੈ ਕਿਉਂਕਿ ਵਿਕਾਸ ਦਰ ਓਨੀ ਮਜ਼ਬੂਤ ਨਹੀਂ ਹੋਈ ਹੈ। ਹਾਲਾਂਕਿ ਸਰਕਾਰ ਨੇ ਰਿਜ਼ਰਵ ਬੈਂਕ ਨੂੰ ਪਾਲਿਸੀ ਰੇਟ ‘ਚ ਕਟੌਤੀ ਕਰਨ ਲਈ ਅਪੀਲ ਕੀਤੀ ਹੈ। ਫਿਲਹਾਲ ਰੈਪੋ ਰੇਟ 6 ਫੀਸਦੀ ਹੈ। ਜੇਕਰ ਇਸ ‘ਚ ਕਟੌਤੀ ਹੁੰਦੀ ਹੈ ਤਾਂ ਲੋਨ ਸਸਤਾ ਹੋਣ ਦੀ ਉਮੀਦ ਵਧ ਜਾਵੇਗੀ।

Be the first to comment

Leave a Reply