ਭਾਰਤੀ ਸਰਹੱਦ ਨੇੜੇ ਚੀਨ ਨੇ ਸ਼ੁਰੂ ਕੀਤਾ ਦੂਜਾ ਅਭਿਆਸ

ਪੇਈਚਿੰਗ – ਚੀਨੀ ਫੌਜੀਆਂ ਨੇ ਭਾਰਤੀ ਸਰਹੱਦ ਦੇ ਨੇੜੇ ਕੁਝ ਹੀ ਦਿਨਾਂ ‘ਚ ਦੂਜੀ ਵਾਰ ਅਭਿਆਸ ਕੀਤਾ ਹੈ। ਇਸ ਅਭਿਆਸ ‘ਚ ਪਾਇਲਟਾਂ ਤੇ ਸਪੈਸ਼ਲ ਫੋਰਸਾਂ ਨੇ ਹਿੱਸਾ ਲਿਆ। ਇਨ੍ਹਾਂ ‘ਚ ਹੈਲੀਕਾਪਟਰ ਪਾਇਲਟਾਂ ਦੀ ਗ੍ਰਾਊਂਡ ਟ੍ਰੇਨਿੰਗ ਤੇ ਉੱਚਾਈ ਵਾਲੇ ਸਥਾਨਾਂ ‘ਤੇ ਆਪਣੇ ਕੌਸ਼ਲ ਦੀ ਜਾਂਚ ‘ਚ ਸ਼ਾਮਲ ਸੀ। ਚੀਨ ਦੀ ਪੀਪਲਸ ਲਿਬ੍ਰੇਸ਼ਨ ਆਰਮੀ ਦੇ ਅਧਿਕਾਰਿਕ ਅਖਬਾਰ ਪੀ.ਐੱਲ.ਏ. ਡੇਲੀ ਦੇ ਮੁਤਾਬਕ ਤਿੱਬਤ ਦੇ ਉੱਚਾਈ ਵਾਲੇ ਖੇਤਰ ‘ਚ ਇਕ ਕਾਲਪਨਿਕ ਸਰਹੱਦ ਬਣਾਈ ਗਈ ਤੇ ਦੁਸ਼ਮਣ ਦੀ ਸਰਹੱਦ ਪਿੱਛੇ ਜਾ ਕੇ ਹਮਲਾ ਕਰਨ ਦਾ ਅਭਿਆਸ ਕੀਤਾ ਗਿਆ। ਡੇਲੀ ਮੁਤਾਬਕ ਪਾਇਲਟ ਤੇ ਸਪੈਸ਼ਲ ਫੋਰਸਾਂ ਹੈਲੀਕਾਪਟਰ ਤੋਂ ਹੇਠਾਂ ਉਤਰੀਆਂ ਤੇ ਇਕੱਠੇ ਮਿਸ਼ਨ ਨੂੰ ਪੂਰਾ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 29 ਜੂਨ ਨੂੰ ਅਧਿਕਾਰਿਕ ਮੀਡੀਆ ਨੇ ਦੱਸਿਆ ਸੀ ਕਿ ਚੀਨੀ ਫੌਜੀ ਤਿੱਬਤ ‘ਚ ਜਮਾ ਹੋਏ ਹਨ ਤੇ ਭਾਰਤ ਨਾਲ ਲੱਗਦੇ ਹਿਮਾਚਲ ਖੇਤਰ ‘ਚ ਅਭਿਆਸ ਕੀਤਾ ਹੈ। ਗਲੋਬਲ ਟਾਈਮਸ ਦੇ ਮੁਤਾਬਕ ਫੌਜ ਦੇ ਮਾਹਰ ਸਾਂਗ ਜੋਂਗਪਿੰਗ ਨੇ ਕਿਹਾ ਕਿ ਹਾਲੀਆ ਫੌਜੀ ਅਭਿਆਸ ‘ਚ ਭਾਰਤ ਦੇ ਨਾਲ ਸੰਭਾਵਿਤ ਫੌਜੀ ਅਭਿਆਸ ਦੇ ਲਈ ਫੌਜੀਆਂ ਨੂੰ ਤਿਆਰ ਕੀਤਾ ਗਿਆ। ਸਾਂਗ ਨੇ ਕਿਹਾ ਕਿ ਕਿਸੇ ਵੀ ਫੌਜੀ ਅਭਿਆਸ ਦੇ ਲਈ ਕਾਲਪਨਿਕ ਵਿਰੋਧੀ ਫੌਜੀ ਤਾਕਤ ਦਾ ਹੋਣਾ ਆਮ ਜਿੱਹੀ ਗੱਲ ਹੈ। ਇਸ ਮਾਮਲੇ ‘ਚ ਇਹ ਨਿਸ਼ਚਿਤ ਹੈ ਕਿ ਕੌਣ ਟਾਰਗੇਟ ਹੈ, ਜਦੋਂ ਅਭਿਆਸ ਤਿੱਬਤ ਦੇ ਪਠਾਰ ‘ਤੇ ਕੀਤਾ ਜਾ ਰਿਹਾ ਹੈ। ਸਾਂਗ ਨੇ ਕਿਹਾ ਕਿ ਦੁਸ਼ਮਣ ਦੀ ਲਾਈਨ ਤੋਂ ਪਿੱਛੇ ਜਾ ਕੇ ਹਮਲਾ ਕਰਨਾ, ਇਕ ਪ੍ਰਭਾਵੀ ਆਪ੍ਰੇਸ਼ਨ ਹੈ ਜੋ ਕਿ ਜੰਗ ਜਿੱਤਣ ਦੀ ਚਾਬੀ ਹੋ ਸਕਦਾ ਹੈ। ਸਾਰਿਆਂ ਸੁਰੱਖਿਆ ਬਲਾਂ ਦੇ ਲਈ ਇਸ ਤਰ੍ਹਾਂ ਦਾ ਅਭਿਆਸ ਬਹੁਤ ਲਾਭਕਾਰੀ ਹੈ। ਪੀ.ਐੱਲ.ਏ. ਡੇਲੀ ਦੇ ਮੁਤਾਬਕ ਚੀਨੀ ਪਾਇਲਟ ਇਸ ਸਾਲ ਤੋਂ ਸਪੈਸ਼ਲ ਫੋਰਸਸ ਦੇ ਨਾਲ ਟ੍ਰੇਨਿੰਗ ਕਰ ਰਹੇ ਹਨ ਤਾਂ ਕਿ ਇਕ ਦੂਜੇ ਦੀ ਲੋੜ ਨੂੰ ਸਮਝਿਆ ਜਾ ਸਕੇ ਤੇ ਜੰਗ ‘ਚ ਸਹਿਯੋਗ ਵਧਾਇਆ ਜਾ ਸਕੇ। ਉਥੇ ਸਾਂਗ ਦੱਸਦੇ ਹਨ ਕਿ ਸਪੈਸ਼ਲ ਫੋਰਸਸ ਦੇ ਨਾਲ ਟ੍ਰੇਨਿੰਗ ਦੇ ਕਾਰਨ ਪਾਇਲਟ ਜੰਗਲੀ ਇਲਾਕੇ ‘ਚ ਬਚੇ ਰਹਿਣ ਦੀ ਆਪਣੀ ਸਮਰਥਾ ਨੂੰ ਵਧਾ ਸਕਦੇ ਹਨ। ਉਨ੍ਹਾਂ ਦੇ ਮੁਤਾਬਕ ਤਿੱਬਤ ‘ਚ ਉੱਚਾਈ, ਘੱਟ ਹਵਾ ਦੇ ਦਬਾਅ, ਹਲਕੀ ਹਵਾ ਤੇ ਘੱਟ ਤਾਪਮਾਨ ਦੇ ਕਾਰਨ ਮਿਲਟਰੀ ਆਪ੍ਰੇਸ਼ਨ ਔਖਾ ਹੈ। ਇਸ ਤੋਂ ਪਹਿਲਾਂ ਚੀਨੀ ਮੀਡੀਆ ‘ਚ ਖਬਰ ਸੀ ਕਿ ਚੀਨ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਦੇ ਕਰੀਬ ਤਿੱਬਤ ‘ਚ ਮਨੁੱਖ ਰਹਿਤ ਆਟੋਮੈਟਿਕ ਆਬਜ਼ਰਵੇਸ਼ਨ ਸਟੇਸ਼ਨ ਸਥਾਪਿਤ ਕਰਨ ਜਾ ਰਿਹਾ ਹੈ। ਤਾਂ ਕਿ ਇਹ ਆਪਣੇ ਫਾਈਟਰ ਜੈੱਟ ਤੇ ਮਿਜ਼ਾਇਲ ਲਾਂਚ ਨੂੰ ਮੌਸਮ ਸਬੰਧੀ ਜਾਣਕਾਰੀ ਦੇ ਸਕੇ।