ਭਾਰਤ ਅਤੇ ਪਾਕਿਸਤਾਨ ਮੁੜ ਸ਼ਾਂਤੀ ਵਾਰਤਾ ਸ਼ੁਰੂ ਕਰਨ – ਸ਼ਾਹਬਾਜ਼ ਸ਼ਰੀਫ਼

ਲਾਹੌਰ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਵਿਚਾਲੇ ਸਿੰਗਾਪੁਰ ਵਿੱਚ ਹੋਈ ਇਤਿਹਾਸਕ ਗੱਲਬਾਤ ਤੋਂ ਪ੍ਰੇਰਿਤ ਹੁੰਦਿਆਂ ਪੀਐਮਐਲ-ਐਨ ਦੇ ਮੁਖੀ ਸ਼ਾਹਬਾਜ਼ ਸ਼ਰੀਫ ਨੇ ਭਾਰਤ ਅਤੇ ਪਾਕਿਸਤਾਨ ਨੂੰ ਵੀ ਮੁੜ ਸ਼ਾਂਤੀ ਵਾਰਤਾ ਸ਼ੁਰੂ ਕਰਨ ਲਈ ਕਿਹਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਉਲਟ ਉਨ੍ਹਾਂ ਦੇ ਭਰਾ ਸ਼ਾਹਬਾਜ਼ ਦਾ ਇਹ ਬਿਆਨ ਕਾਫ਼ੀ ਅਹਿਮ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਟਰੰਪ ਅਤੇ ਕਿਮ ਵਿਚਾਲੇ ਹੋਈ ਸਿਖਰ ਵਾਰਤਾ ਇਕ ਦੂਜੇ ਦੇ ਲੰਮੇ ਸਮੇਂ ਤੋਂ ਵਿਰੋਧੀ ਰਹੇ ਗੁਆਂਢੀ ਮੁਲਕਾਂ ਲਈ ਇਕ ਮਿਸਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਰਿਆਈ ਜੰਗ ਸ਼ਰੂ ਹੋਣ ਦੇ ਬਾਅਦ ਤੋਂ ਦੋਵੇਂ ਮੁਲਕ ਇਕ ਦੂਜੇ ਦੇ ਰਾਹ ਵਿੱਚ ਅੜਿੱਕਾ ਡਾਹੁੰਦੇ ਸਨ ਅਤੇ ਇਕ ਦੂਜੇ ਖ਼ਿਲਾਫ਼ ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਨਾਲ ਨਾਲ ਫੌਜੀ ਕਾਰਵਾਈ ਦੀ ਧਮਕੀ ਦਿੰਦੇ ਸਨ। ਇਸ ਦੇ ਬਾਵਜੁੂਦ ਜੇ ਅਮਰੀਕਾ ਅਤੇ ਉੱਤਰੀ ਕੋਰੀਆ ਪਰਮਾਣੂ ਜੰਗ ਨੇੜੇ ਪੁੱਜ ਕੇ ਪਰਤ ਸਕਦੇ ਹਨ ਤਾਂ ਕੋਈ ਕਾਰਨ ਨਹੀਂ ਕਿ ਭਾਰਤ ਅਤੇ ਪਾਕਿਸਤਾਨ ਅਜਿਹਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਕਸ਼ਮੀਰ ਨਾਲ ਗੱਲਬਾਤ ਤੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਗੱਲ ਕਈ ਟਵੀਟਾਂ ਰਾਹੀਂਂ ਕਹੀ। ਉਨ੍ਹਾਂ ਕਿਹਾ ਕਿ ਇਹ ਸਮਾਂ ਆਪਣੇ ਖਿੱਤੇ ਵਿੱਚ ਵਿਆਪਕ ਸ਼ਾਂਤੀ ਵਾਰਤਾ ਦਾ ਹੈ। ਕੌਮਾਂਤਰੀ ਭਾਈਚਾਰੇ ਨੂੰ ਅਫਗਾਨਿਸਤਾਨ ਵਿੱਚ ਸ਼ਾਂਤੀ ਪ੍ਰਕਿਰਿਆ ’ਤੇ ਵੀ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਕਸ਼ਮੀਰ ਮੁੱਦੇ ’ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਮੁੜ ਸੁ਼ਰੂ ਹੋਣੀ ਚਾਹੀਦੀ ਹੈ ਤਾਂ ਜੋ ਲੰਮੇ ਸਮੇਂ ਤੋਂ ਜਾਰੀ ਕਸ਼ਮੀਰ ਵਿਵਾਦ ਸੰਯੁਕਤ ਰਾਸ਼ਟਰ ਤਜਵੀਜ਼ਾਂ ਤਹਿਤ ਹੱਲ ਕੀਤਾ ਜਾ ਸਕੇ। ਸ਼ਾਹਬਾਜ਼ ਜੋ ਸੱਤਾਧਾਰੀ ਪੀਐਮਐਲ-ਐਨ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਹਨ, ਨੇ ਕਿਹਾ ਕਿ ਭਾਰਤ ਨੂੰ ਪਿਛਲੀਆਂ ਗੱਲਾਂ ਛੱਡ ਕੇ ਨਵੇਂ ਸਿਰਿਓਂ ਸ਼ੁਰੂਆਤ ਕਰਨੀ ਚਾਹੀਦੀ।