ਭਾਰਤ ਤੇ ਇਜ਼ਰਾਈਲ ਵਿਚਾਲੇ ਸਾਈਬਰ ਸੁਰੱਖਿਆ ਸਣੇ 9 ਸਮਝੌਤੇ

ਨਵੀਂ ਦਿੱਲੀ – ਭਾਰਤ ਅਤੇ ਇਜ਼ਰਾਈਲ ਨੇ ਸਾਈਬਰ ਸੁਰੱਖਿਆ ਸਮੇਤ ਅਹਿਮ ਖੇਤਰਾਂ ’ਚ ਸਹਿਯੋਗ ਲਈ 9 ਸਮਝੌਤਿਆਂ ’ਤੇ ਅੱਜ ਦਸਤਖ਼ਤ ਕੀਤੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਇਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਅਤੇ ਅਤਿਵਾਦ ਵਿਰੋਧੀ ਰਣਨੀਤਕ ਖੇਤਰਾਂ ’ਚ ਸਬੰਧ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ। ਸ੍ਰੀ ਮੋਦੀ ਨੇ ਇਜ਼ਰਾਇਲੀ ਰੱਖਿਆ ਕੰਪਨੀਆਂ ਨੂੰ ਭਾਰਤ ’ਚ ਸਾਂਝੇ ਉਤਪਾਦਨ ਦਾ ਸੱਦਾ ਵੀ ਦਿੱਤਾ। ਨੇਤਨਯਾਹੂ ਨਾਲ ਸਾਂਝੇ ਤੌਰ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ,‘‘ਭਾਰਤ ਅਤੇ ਇਜ਼ਰਾਈਲ ਖੇਤੀਬਾੜੀ, ਤਕਨਾਲੋਜੀ ਅਤੇ ਸੁਰੱਖਿਆ ਜਿਹੇ ਖੇਤਰਾਂ ’ਚ ਸਹਿਯੋਗ ਦੇ ਮੌਜੂਦਾ ਥੰਮ੍ਹਾਂ ਨੂੰ ਹੋਰ ਮਜ਼ਬੂਤ ਕਰਨਗੇ।’’ ਸ੍ਰੀ ਮੋਦੀ ਨੂੰ ‘ਇਨਕਲਾਬੀ’ ਆਗੂ ਕਰਾਰ ਦਿੰਦਿਆਂ ਨੇਤਨਯਾਹੂ ਨੇ ਕਿਹਾ,‘‘ਤੁਸੀਂ (ਮੋਦੀ) ਭਾਰਤ ’ਚ ਇਨਕਲਾਬ ਲਿਆਉਣ ਦੇ ਨਾਲ ਨਾਲ ਭਾਰਤ ਅਤੇ ਇਜ਼ਰਾਈਲ ਦੇ ਰਿਸ਼ਤਿਆਂ ’ਚ ਵੀ ਕਰਾਂਤੀ ਲਿਆ ਰਹੇ ਹੋ।’’ ਦੋਵੇਂ ਪ੍ਰਧਾਨ ਮੰਤਰੀਆਂ ਨਾਲ ਸੀਨੀਅਰ ਕੈਬਨਿਟ ਸਾਥੀ ਵੀ ਮੌਜੂਦ ਸਨ ਜਿਨ੍ਹਾਂ ਵਫ਼ਦ ਪੱਧਰ ਦੀ ਗੱਲਬਾਤ ਕੀਤੀ ਜਿਸ ਦੌਰਾਨ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸਾਈਬਰ ਸੁਰੱਖਿਆ ਤੋਂ ਇਲਾਵਾ ਤੇਲ ਅਤੇ ਗੈਸ ਖੇਤਰ, ਫਿਲਮਾਂ ਬਣਾਉਣ ਅਤੇ ਹਵਾਈ ਟਰਾਂਸਪੋਰਟ ਸਬੰਧੀ ਸਮਝੌਤਿਆਂ ’ਤੇ ਵੀ ਸਹੀ ਪਾਈ ਗਈ। ਨੇਤਨਯਾਹੂ, ਜੋ ਐਤਵਾਰ ਨੂੰ ਇਥੇ ਪੁੱਜੇ ਹਨ, ਆਪਣੇ ਭਾਰਤ ਦੇ ਛੇ ਦਿਨਾ ਦੌਰੇ ਦੌਰਾਨ ਅਹਿਮਦਾਬਾਦ ਅਤੇ ਮੁੰਬਈ ਵੀ ਜਾਣਗੇ।

Be the first to comment

Leave a Reply