ਭਾਰਤ ਤੇ ਚੀਨ ਵਿਚਾਲੇ ਭਖਿਆ ਵਿਵਾਦ

ਨਵੀਂ ਦਿੱਲੀ –  ਭਾਰਤ-ਚੀਨ ਵਿਚਾਲੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਚੀਨ ਨੇ ਸਿੱਕਮ ਸੈਕਟਰ ‘ਚ ਭਾਰਤ ਦੇ ਨਾਲ ਚੱਲ ਰਹੇ ਮਤਭੇਦ ਨੂੰ ਲੈ ਕੇ ਸਮਝੌਤੇ ਦੀ ਗੁੰਜਾਇਸ਼ ਤੋਂ ਇਨਕਾਰ ਕਰ ਦਿੱਤਾ ਹੈ। ਚੀਨ ਨੇ ਚਲਾਕੀ ਨਾਲ ਇਸ ਗੰਭੀਰ ਸਮੱਸਿਆ ਨੂੰ ਸੁਲਝਾਉਣ ਦਾ ਜ਼ਿੰਮਾ ਭਾਰਤ ‘ਤੇ ਪਾ ਦਿੱਤਾ ਹੈ। ਭਾਰਤ ‘ਚ ਚੀਨ ਦੇ ਰਾਜਦੂਤ ਲੂ ਝਾਓਹੋਈ ਨੇ ਕਿਹਾ ਕਿ ਗੇਂਦ ਭਾਰਤ ਦੇ ਪਾਲੇ ‘ਚ ਹੈ ਤੇ ਭਾਰਤ ਨੂੰ ਇਹ ਤੈਅ ਕਰਨਾ ਹੈ ਕਿ ਕਿਹੜੇ ਵਿਕਲਪਾਂ ਤਹਿਤ ਇਸ ਵਿਵਾਦ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਚੀਨ ਨੇ ਭਾਰਤ ਨੂੰ ਸਿੱਕਮ ਤਣਾਅ ਲਈ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਭਾਰਤ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਿਹਾ ਹੈ ਕਿ ਚੀਨੀ ਫੌਜੀ ਸਿੱਕਮ ਸੈਕਟਰ ‘ਚ ਚਿਕਨ ਨੈੱਕ ਨੇੜੇ ਰੋਡ ਬਣਾ ਰਿਹਾ ਹੈ, ਜੋ ਇਹ ਰੋਡ ਉਸ ਦੇ ਉੱਤਰ ਪੱਛਮੀ ਸੂਬਿਆਂ ਲਈ ਖਤਰਾ ਬਣ ਸਕਦਾ ਹੈ। ਅਧਿਕਾਰਕ ਚੀਨੀ ਮੀਡੀਆ ਅਤੇ ਥਿੰਕ ਟੈਂਕ ਦੀ ਯੁੱਧ ਦੇ ਵਿਕਲਪਾਂ ਨੂੰ ਲੈ ਕੇ ਕੀਤੀ ਗਈ ਟਿੱਪਣੀ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਕਈ ਵਿਕਲਪਾਂ ਬਾਰੇ ਗੱਲਬਾਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੰਗ ਲੱਗਣੀ ਹੈ ਜਾਂ ਨਹੀਂ, ਇਹ ਤੁਹਾਡੀ ਸਰਕਾਰ ਦੀ ਨੀਤੀ ‘ਤੇ ਨਿਰਭਰ ਕਰਦਾ ਹੈ। ਇਸ ਤੋਂ ਪਹਿਲਾਂ ਚੀਨ ਦੇ ਸਰਕਾਰੀ ਮੀਡੀਆ ਅਤੇ ਥਿੰਕ ਟੈਂਕ ਨੇ ਕਿਹਾ ਸੀ ਕਿ ਇਸ ਵਿਵਾਦ ਨਾਲ ਜੇ ਸਹੀ ਢੰਗ ਨਾਲ ਨਹੀਂ ਨਜਿੱਠਿਆ ਗਿਆ ਤਾਂ ਇਸ ਨਾਲ ਜੰਗ ਛਿੜ ਸਕਦਾ ਹੈ।  ਦੂਜੇ ਪਾਸੇ ਚੀਨ ਦੇ ਸਰਕਾਰੀ ਅਖ਼ਬਾਰ ਨੇ ਭਾਰਤ ‘ਚ ਕੰਮ ਕਰ ਰਹੀਆਂ ਚੀਨੀ ਕੰਪਨੀਆਂ ਨੂੰ ਉਥੇ ਚੀਨ ਵਿਰੁੱਧ ਵਧਦੀ ਨਕਾਰਾਤਮਕ ਭਾਵਨਾ ਨੂੰ ਲੈ ਕੇ ਚੌਕਸ ਕੀਤਾ ਹੈ। ਗਲੋਬਲ ਟਾਈਮਜ਼ ‘ਚ ਛਪੇ ਇਕ ਲੇਖ ‘ਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਨੂੰ ਦੇਖਦਿਆਂ ਚੀਨ ਦੀਆਂ ਕੰਪਨੀਆਂ ਨੂੰ ਭਾਰਤ ‘ਚ ਚੀਨ ਵਿਰੋਧੀ ਭਾਵਨਾ ਨਾਲ ਨਜਿੱਠਣ ਲਈ ਕਦਮ ਚੁੱਕਣੇ ਚਾਹੀਦੇ ਹਨ। ਅਖ਼ਬਾਰ ‘ਚ 2014 ‘ਚ ਵਿਅਤਨਾਮ ‘ਚ ਚੀਨ ਵਿਰੋਧੀ ਭਾਵਨਾ ਦਾ ਜ਼ਿਕਰ ਕੀਤਾ ਗਿਆ ਹੈ। ਕਿਹਾ ਗਿਆ ਹੈ ਕਿ ਭਾਰਤ ‘ਚ ਵੀ ਚੀਨ ਦੇ ਹਿੱਤਾਂ ‘ਤੇ ਹਮਲਾ ਹੋ ਸਕਦਾ ਹੈ।

Be the first to comment

Leave a Reply