ਭਾਰਤ ਦਾ ਰੂਸੀ ਮਿਜ਼ਾਈਲ ਪ੍ਰਣਾਲੀ ਖਰੀਦਣਾ ‘2+2’ ਦਾ ਮੁੱਢਲਾ ਮੁੱਦਾ ਨਹੀਂ : ਪੋਂਪੀਓ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਬੁੱਧਵਾਰ ਦੇਰ ਸ਼ਾਮ ਨਵੀਂ ਦਿੱਲੀ ਪਹੁੰਚੇ। ਵੀਰਵਾਰ (ਅੱਜ) ਨੂੰ ਉਹ ਭਾਰਤ ਦੇ ਨਾਲ ਦੋ-ਪੱਖੀ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਪਹਿਲੀ 2+2 ਗੱਲਬਾਤ ‘ਚ ‘ਵੱਡੇ ਅਤੇ ਰਣਨੀਤਕ’ ਮੁੱਦਿਆਂ ‘ਤੇ ਚਰਚਾ ਕਰਨਗੇ। ਪੋਂਪੀਓ ਨੇ ਆਖਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਬੈਠਕ ਰੂਸ ਦੇ ਮਿਜ਼ਾਈਲ ਡਿਫੈਂਸ ਸਿਸਟਮ ਅਤੇ ਈਰਾਨ ਤੋਂ ਤੇਲ ਖਰੀਦ ਮਾਮਲੇ ‘ਤੇ ਕੇਂਦ੍ਰਿਤ ਨਹੀਂ ਹੈ। ਪੋਂਪੀਓ ਅਤੇ ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨਾਲ ਵੀਰਵਾਰ ਨੂੰ ਹੋਣ ਵਾਲੀ ਬੈਠਕ ‘ਚ ਹਿੱਸਾ ਲੈਣਗੇ। ਦੋਹਾਂ ਦੇਸ਼ਾਂ ਵਿਚਾਲੇ ਇਹ ਪਹਿਲੀ 2+2 ਗੱਲਬਾਤ ਹੈ। ਬੁੱਧਵਾਰ ਸ਼ਾਮ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਏਅਰਪੋਰਟ ‘ਤੇ ਪੋਂਪੀਓ ਦਾ ਸਵਾਗਤ ਕਰਨ ਪਹੁੰਚੀ। ਦੱਸ ਦਈਏ ਕਿ ਇਸ ਦੋ-ਪੱਖੀ ਗੱਲਬਾਤ ‘ਚ ਭਾਰਤ-ਰੂਸ ਸੰਬੰਧਾਂ ‘ਤੇ ਚਰਚਾ ਅਤੇ ਐੱਚ-1ਬੀ ਵੀਜ਼ਾ ‘ਤੇ ਵੀ ਚਰਚਾ ਹੋ ਸਕਦੀ ਹੈ।