ਭਾਰਤ ਨਾਲ ਚੱਲ ਰਹੇ ਤਣਾਅ ਦਰਮਿਆਨ ਚੀਨ ਨੇ ਅੱਜ ਆਪਣੀ ਦਿਖਾਈ ਫੌਜੀ ਤਾਕਤ

ਪੇਈਚਿੰਗ— ਸਿੱਕਮ ਇਲਾਕੇ ਦੇ ਡੋਕਲਾਮ ਵਿਚ ਭਾਰਤ ਨਾਲ ਚੱਲ ਰਹੇ ਤਣਾਅ ਦਰਮਿਆਨ ਚੀਨ ਨੇ ਅੱਜ ਆਪਣੀ ਫੌਜੀ ਤਾਕਤ ਦਿਖਾਈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਸਭ ਤੋਂ ਵੱਡੇ ਫੌਜੀ ਅੱਡੇ ‘ਚ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ 90ਵੇਂ ਸਾਲਾਨਾ ਦਿਵਸ ‘ਤੇ ਆਯੋਜਿਤ ਸ਼ਾਨਦਾਰ ਪਰੇਡ ਦਾ ਨਿਰੀਖਣ ਕਰਦੇ ਹੋਏ ਕਿਹਾ ਕਿ ਫੌਜ ਕਿਸੇ ਵੀ ਜੰਗ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਫੌਜ ਵਿਚ ਸਾਰੇ ਦੁਸ਼ਮਣਾਂ ਨੂੰ ਹਰਾਉਣ ਦੀ ਦਲੇਰੀ ਤੇ ਸਮਰੱਥਾ ਹੈ।
ਫੌਜੀ ਵਰਦੀ ਪਾਈ ਜਿਨਪਿੰਗ ਨੇ ਇਕ ਖੁੱਲ੍ਹੀ ਜੀਪ ਵਿਚ ਮੰਗੋਲੀਆ ਦੇ ਖੁਦਮੁਖਤਾਰ ਇਲਾਕੇ ਵਿਚ ਏਸ਼ੀਆ ਦੇ ਸਭ ਤੋਂ ਵੱਡੇ ਫੌਜੀ ਸਿਖਲਾਈ ਕੇਂਦਰ-ਝੂਰਿਹੇ ਵਿਖੇ ਫੌਜੀਆਂ ਦੀ ਪਰੇਡ ਦਾ ਨਿਰੀਖਣ ਕੀਤਾ। ਫੌਜੀਆਂ ਨੂੰ ਆਪਣੇ ਸੰਬੋਧਨ ਵਿਚ ਸ਼ੀ ਜਿਨਪਿੰਗ ਨੇ ਕਿਹਾ ਕਿ ਪੀ. ਐੱਲ. ਏ. ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੀ  ਨਿਰਪੱਖ ਲੀਡਰਸ਼ਿਪ ਦਾ ਸਖਤੀ ਨਾਲ ਪਾਲਣ ਕਰਨਾ ਚਾਹੀਦਾ ਹੈ ਅਤੇ ਜਿਥੇ ਪਾਰਟੀ ਕਹੇ ਉਥੇ ਮਾਰਚ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦ ਉਨ੍ਹਾਂ ਦੇ ਵਿਦੇਸ਼ ਤੇ ਰੱਖਿਆ ਮੰਤਰਾਲਿਆਂ ਨੇ ਭਾਰਤ ‘ਤੇ ਚੀਨੀ ਇਲਾਕੇ ਦੇ ਡੋਕਲਾਮ ਵਿਚ ਕਬਜ਼ਾ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਜਿਨਪਿੰਗ ਦੇ ਭਾਸ਼ਣ ਵਿਚ ਸਿੱਕਮ ਖੇਤਰ ਦੇ ਡੋਕਲਾਮ ਵਿਚ ਭਾਰਤ ਅਤੇ ਚੀਨੀ ਫੌਜੀਆਂ ਵਿਚਾਲੇ ਇਕ ਮਹੀਨੇ ਤੋਂ ਚੱਲ ਰਹੇ ਅੜਿੱਕੇ ਦਾ ਕਿਤੇ ਕੁਝ ਵਰਣਨ ਨਹੀਂ ਹੋਇਆ। ਵਰਣਨਯੋਗ ਹੈ ਕਿ 2015 ਮਗਰੋਂ ਇਹ ਚੀਨੀ ਫੌਜ ਦਾ ਸਭ ਤੋਂ ਵੱਡਾ ਜੰਗੀ ਅਭਿਆਸ ਹੈ।
ਭਾਰਤ ਦੀ ਸੁਰੱਖਿਆ ਲਈ ਹੈ ਚਿੰਤਾ ਦਾ ਵਿਸ਼ਾ
ਚੀਨ ਦੇ ਸੜਕ ਬਣਾਉਣ ਨਾਲ ਇਲਾਕੇ ਦੀ ਮੌਜੂਦਾ ਸਥਿਤੀ ਵਿਚ ਅਹਿਮ ਤਬਦੀਲੀ ਆਵੇਗੀ ਜੋ ਭਾਰਤ ਦੀ ਸਕਿਓਰਿਟੀ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸੜਕੀ ਸੰਪਰਕ ਨਾਲ ਚੀਨ ਨੂੰ ਭਾਰਤ ‘ਤੇ ਇਕ ਵੱਡੀ ਫੌਜੀ ਬੜ੍ਹਤ ਹਾਸਲ ਹੋਵੇਗੀ। ਇਸ ਨਾਲ ਉੱਤਰ-ਪੂਰਬ ਦੇ ਸੂਬਿਆਂ ਨੂੰ ਭਾਰਤ ਨਾਲ ਜੋੜਨ ਵਾਲਾ ਕਾਰੀਡੋਰ ਚੀਨ ਦੀ ਰੇਂਜ ਵਿਚ ਆ ਜਾਵੇਗਾ।
12 ਹਜ਼ਾਰ ਫੌਜੀ ਹੋਏ ਪਰੇਡ ‘ਚ ਸ਼ਾਮਲ
ਪੀ. ਐੱਲ. ਏ. ਦੇ 90ਵੇਂ ਸਥਾਪਨਾ ਦਿਵਸ ‘ਤੇ ਆਯੋਜਿਤ ਪਰੇਡ ਵਿਚ 12 ਹਜ਼ਾਰ ਫੌਜੀ ਸ਼ਾਮਲ ਹੋਏ। ਚੀਨੀ ਰੱਖਿਆ ਮੰਤਰਾਲਾ ਅਨੁਸਾਰ 129 ਲੜਾਕੂ ਜਹਾਜ਼ਾਂ ਨੇ ਉਡਾਨ ਭਰੀ ਅਤੇ ਲਗਭਗ 600 ਕਿਸਮ ਦੇ ਹਥਿਆਰਾਂ ਦਾ ਵਿਖਾਵਾ ਕੀਤਾ। ਨਵੇਂ ਜੇ 20 ਲੜਾਕੂ ਜਹਾਜ਼ਾਂ ਨੇ ਪਰੇਡ ਵਿਚ ਪਹਿਲੀ ਵਾਰ ਹਿੱਸਾ ਲਿਆ।
ਰਵਾਇਤੀ ਅਤੇ ਪ੍ਰਮਾਣੂ ਮਿਜ਼ਾਈਲਾਂ ਦਾ ਵਿਖਾਵਾ
ਪਰੇਡ ਵਿਚ ਰਵਾਇਤੀ ਤੇ ਪ੍ਰਮਾਣੂ ਮਿਜ਼ਾਈਲਾਂ ਦਾ ਵਿਖਾਵਾ ਕੀਤਾ ਗਿਆ। ਡੋਂਗਫੇਂਗ 26 ਬੈਲਿਸਟਿਕ ਮਿਜ਼ਾਈਲ, ਕਰੀਅਰ ਕਿਲਰ ਨਾਂ ਨਾਲ ਚਰਚਿਤ ਡੋਂਗਫੇਂਗ 21 ਡੀ ਅਤੇ ਡੋਂਗਫੇਂਗ 16 ਜੀ ਰਵਾਇਤੀ ਮਿਜ਼ਾਈਲਾਂ ਦਾ ਪ੍ਰਦਰਸ਼ਨ ਕੀਤਾ।

Be the first to comment

Leave a Reply