ਭਾਰਤ ਨੂੰ ਦੂਜੇ ਟੈਸਟ ‘ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ ‘ਤੇ ਦੱਖਣੀ ਅਫਰੀਕਾ ਨੇ 2-0 ਨਾਲ ਕਬਜ਼ਾ ਕਰ ਲਿਆ ਹੈ। ਭਾਰਤ ਨੇ ਪਿਛਲੇ 3 ਸਾਲਾਂ ਵਿੱਚ ਇਹ ਪਹਿਲੀ ਟੈਸਟ ਸੀਰੀਜ਼ ਹਾਰੀ ਹੈ। ਦੱਖਣੀ ਅਫਰੀਕਾ ਨੇ ਭਾਰਤ ਨੂੰ ਜਿੱਤ ਲਈ 287 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਦੀ ਟੀਮ 151 ਦੌੜਾਂ ‘ਤੇ ਆਲ ਆਊਟ ਹੋ ਗਈ। ਲੜੀ ਦਾ ਤੀਜਾ ਤੇ ਆਖ਼ਰੀ ਮੈਚ 24 ਜਨਵਰੀ ਨੂੰ ਜੌਹਨਸਬਰਗ ਵਿੱਚ ਖੇਡਿਆ ਜਾਵੇਗਾ। ਬੀਤੇ ਕੱਲ੍ਹ ਆਪਣੀ ਦੂਜੀ ਪਾਰੀ ਦਾ ਆਗ਼ਾਜ਼ ਕਰਦਿਆਂ ਭਾਰਤ ਨੇ ਆਪਣੀਆਂ ਤਿੰਨ ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ ਸੀ। ਅੱਜ ਆਖ਼ਰੀ ਦਿਨ ਦੀ ਖੇਡ ਸ਼ੁਰੂ ਹੁੰਦਿਆਂ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਮੇਤ ਸਾਰੇ ਖਿਡਾਰੀ ਸਸਤੇ ‘ਚ ਪੈਵੇਲੀਅਨ ਪਰਤ ਗਏ। ਦੂਜੀ ਪਾਰੀ ਵਿੱਚ ਕੋਈ ਵੀ ਭਾਰਤੀ ਬੱਲੇਬਾਜ਼ ਅਰਧ ਸੈਂਕੜਾ ਨਹੀਂ ਬਣਾ ਸਕਿਆ। ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੁਹੰਮਦ ਸ਼ਮੀ ਆਪਣੀਆਂ 28 ਦੌੜਾਂ ਨਾਲ ਦੂਜੀ ਪਾਰੀ ਵਿੱਚ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਦੂਜੇ ਭਾਰਤੀ ਖਿਡਾਰੀ ਬਣੇ। ਭਾਰਤ ਦੇ ਸਲਾਮੀ ਬੱਲੇਬਾਜ਼ਾਂ ਤੇ ਟੀਮ ਦੇ ਕਪਤਾਨ ਵਿੱਚੋਂ ਕੋਈ ਵੀ ਦੂਹਰਾ ਅੰਕੜਾ ਪਾਰ ਨਹੀਂ ਕਰ ਸਕਿਆ। ਚੇਤੇਸ਼ਵਰ ਪੁਜਾਰਾ ਤੇ ਪਾਰਥਿਵ ਪਟੇਲ 19 ਦੌੜਾਂ ਹੀ ਬਣਾ ਸਕੇ। ਬੱਲੇਬਾਜ਼ੀ ਦੇ ਖੇਤਰ ਵਿੱਚ ਸਾਰੀ ਟੀਮ ਫਾਡੀ ਸਾਬਤ ਹੋਈ। ਆਪਣੇ ਦੇਸ਼ ਵਿੱਚ ਕਾਮਯਾਬੀ ਦੇ ਝੰਡੇ ਗੱਡਣ ਵਾਲੀ ਭਾਰਤੀ ਟੀਮ ਲਈ ਵਿਦੇਸ਼ੀ ਪਿੱਚ ਕਾਫੀ ਚੁਨੌਤੀਆਂ ਭਰਪੂਰ ਸਾਬਤ ਰਹੀਆਂ।

Be the first to comment

Leave a Reply