ਭਾਰਤ ਨੇ ਵਨਡੇ ਮੈਚ ‘ਚ ਆਸਟ੍ਰੇਲੀਆ ਨੂੰ 26 ਰਨਾਂ ਤੋਂ ਹਰਾਇਆ

ਚੇਨਈ –  ਭਾਰਤ ਤੇ ਆਸਟਰੇਲੀਆ ਵਿਚਾਲੇ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਇੱਥੇ ਖੇਡੇ ਜਾ ਰਹੇ ਪਹਿਲੇ ਮੈਚ ’ਚ ਭਾਰਤ ਨੇ ਆਸਟਰੇਲੀਆ ਨੂੰ 26 ਦੌੜਾਂ ਨਾਲ ਮਾਤ ਦਿੱਤੀ। ਭਾਰਤੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਓਵਰਾਂ ’ਚ 7 ਵਿਕਟਾਂ ਗੁਆ ਕੇ 281 ਦੌੜਾਂ ਬਣਾਈਆਂ ਸਨ, ਪਰ ਮੀਂਹ ਪੈਣ ਕਾਰਨ ਆਸਟਰੇਲੀਆ ਨੂੰ 21 ਓਵਰਾਂ ਵਿੱਚ 164 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ। ਆਸਟਰੇਲੀਆ ਦੀ ਟੀਮ ਨਿਰਧਾਰਤ 21 ਓਵਰਾਂ ’ਚ ਨੌਂ ਵਿਕਟਾਂ ਦੇ ਨੁਕਸਾਨ ’ਤੇ 137 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਵੱਲੋਂ ਸਭ ਤੋਂ ਵੱਧ ਦੌੜਾਂ ਗਲੇਨ ਮੈਕਸਵੈੱਲ (39) ਨੇ ਬਣਾਈਆਂ। ਉਸ ਤੋਂ ਇਲਾਵਾ ਡੇਵਿਡ ਵਾਰਨਰ (25) ਤੇ ਫੌਕਨਰ (ਨਾਬਾਦ 32) ਹੀ ਦੋਹਰਾ ਅੰਕੜਾ ਪਾਰ ਕਰ ਸਕੇ। ਭਾਰਤ ਵੱਲੋਂ ਚਾਹਲ ਨੇ ਤਿੰਨ ਵਿਕਟਾਂ ਜਦਕਿ ਪਾਂਡਿਆ ਤੇ ਯਾਦਵ ਨੇ ਦੋ-ਦੋ ਅਤੇ ਭੁਵਨੇਸ਼ਵਰ ਤੇ ਬਮਰਾ ਨੇ 1-1 ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਹਾਰਦਿਕ ਪਾਂਡਿਆ ਤੇ ਮਹਿੰਦਰ ਸਿੰਘ ਧੋਨੀ ਦੇ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਹੋਈ ਸੈਂਕੜੇ ਦੀ ਭਾਈਵਾਲੀ ਨਾਲ ਭਾਰਤ ਨੇ ਖਰਾਬ ਸ਼ੁਰੂਆਤ ਤੋਂ ਉੱਭਰਦਿਆਂ ਸੱਤ ਵਿਕਟਾਂ ’ਤੇ 281 ਦੌੜਾਂ ਬਣਾਈਆਂ। ਭਾਰਤ ਨੇ 87 ਦੌੜਾਂ ’ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ ਜਿਸ ਮਗਰੋਂ ਪਾਂਡਿਆ ਨੇ ਆਪਣੇ ਕਰੀਅਰ ਦੀ ਸਰਵੋਤਮ ਪਾਰੀ ਖੇਡਦਿਆਂ 66 ਗੇਂਦਾਂ ’ਚ ਪੰਜ ਛੱਕਿਆਂ ਤੇ ਪੰਜ ਚੌਕਿਆਂ ਦੀ ਮਦਦ ਨਾਲ 83 ਦੌੜਾਂ ਬਣਾਉਣ ਤੋਂ ਇਲਾਵਾ ਧੋਨੀ (79) ਨਾਲ ਮਿਲ ਕੇ ਛੇਵੇਂ ਵਿਕਟ ਲਈ 118 ਦੌੜਾਂ ਦੀ ਸ਼ਾਨਦਾਰ ਭਾਈਵਾਲੀ ਵੀ ਕੀਤੀ। ਧੋਨੀ ਨੇ 88 ਗੇਂਦਾਂ ਦਾ ਸਾਹਮਣਾ ਕਰਦਿਆਂ ਚਾਰ ਚੌਕੇ ਤੇ ਦੋ ਛੱਕੇ ਜੜੇ। ਧੋਨੀ ਨੇ ਭੁਵਨੇਸ਼ਵਰ ਕੁਮਾਰ (30 ਗੇਂਦਾਂ ’ਚ ਨਾਬਾਦ 32 ਦੌੜਾਂ, ਪੰਜ ਚੌਕੇ) ਨਾਲ ਸੱਤਵੀਂ ਵਿਕਟ ਲਈ 72 ਦੌੜਾਂ ਦੀ ਭਾਈਵਾਲੀ ਵੀ ਕੀਤੀ। ਭਾਰਤੀ ਟੀਮ ਆਖਰੀ 14 ਓਵਰਾਂ ’ਚ 133 ਦੌੜਾਂ ਜੋੜ ਕੇ ਚੁਣੌਤੀ ਭਰਿਆ ਸਕੋਰ ਖੜ੍ਹਾ ਕਰਨ ’ਚ ਕਾਮਯਾਬ ਰਹੀ। ਆਸਟਰੇਲੀਆ ਵੱਲੋਂ ਨਾਥਨ ਕੋਲਟਰ ਸਭ ਤੋਂ ਕਾਮਯਾਬ ਗੇਂਦਬਾਜ਼ ਰਿਹਾ, ਜਿਸ ਨੇ 44 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਮਾਰਕਸ ਸਟੋਇਨਿਸ ਨੇ 54 ਦੌੜਾਂ ਦੇ ਦੋ ਜਦਕਿ ਸਪਿੰਨਰ ਐਡਮ ਜੰਮਾ ਤੇ ਜੇਮਜ਼ ਫੌਕਨਰ ਨੇ 1-1 ਵਿਕਟ ਹਾਸਲ ਕੀਤੀ।

Be the first to comment

Leave a Reply