ਮਕਾਨ ਖਾਤਿਰ ਲੜਕੇ ਨੇ ਆਪਣੀ ਪਤਨੀ ਨਾਲ ਮਿਲ ਕੇ ਮਾਤਾ-ਪਿਤਾ ਦੀ ਕੁੱਟ-ਮਾਰ ਕਰ ਕੇ ਬਾਰਿਸ਼ ’ਚ ਬਾਹਰ ਕੱਢ ਦਿਤਾ

ਜਲੰਧਰ – ਗੁਰੂ ਨਾਨਕ ਨਗਰ ’ਚ ਤਿੰਨ ਮਰਲੇ ਦੇ ਮਕਾਨ ਖਾਤਿਰ ਲੜਕੇ ਨੇ ਆਪਣੀ ਪਤਨੀ ਨਾਲ ਮਿਲ ਕੇ ਮਾਤਾ-ਪਿਤਾ ਦੀ ਕੁੱਟ-ਮਾਰ ਕਰ ਕੇ ਬਾਰਿਸ਼ ’ਚ ਬਾਹਰ ਕੱਢ ਦਿਤਾ। ਪਿਤਾ ਨੇ ਇਹ ਮਕਾਨ ਆਪਣੀ ਲੜਕੀ ਦੇ ਨਾਂ ਕਰ ਦਿੱਤਾ ਸੀ। ਜਿਸਨੂੰ ਲੈ ਕੇ ਇਹ ਸਾਰਾ ਝਗੜਾ ਹੋਇਆ। ਇਸ ਲੜਕੇ ਨੇ ਆਪਣੇ ਮਾਤਾ-ਪਿਤਾ ਦਾ ਬੈੱਡ ਤੋਂ ਲੈ ਕੇ ਸਾਰਾ ਸਾਮਾਨ ਬਾਹਰ ਕੱਢ ਕੇ ਸੁੱਟ ਦਿੱਤਾ। ਕਾਫੀ ਸਮੇਂ ਤੋਂ ਬਾਅਦ ਜਾ ਕੇ ਬਜ਼ੁਰਗ ਪਤੀ-ਪਤਨੀ ਦੀ ਲੜਕੀ ਤੇ ਬਾਕੀ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ’ਤੇ ਪੰਚਾਇਤ ਬੁਲਾ ਲਈ। ਹੈਰਾਨੀ ਵਾਲੀ ਗੱਲ ਹੈ ਕਿ ਲੜਕੇ ਨੇ ਆਪਣੇ ਮਾਤਾ-ਪਿਤਾ ਨੂੰ ਪੰਚਾਇਤ ’ਚ ਹੀ ਕੁੱਟ ਦਿੱਤਾ ਜਿਸ ਤੋਂ ਬਾਅਦ ਬਹੁਤ ਹੰਗਾਮਾ ਹੋਇਆ ਪਰ ਲੜਕਾ ਉਸ ਮਕਾਨ ਨੂੰ ਤਾਲਾ ਲਾ ਕੇ ਚਲਾ ਗਿਆ।
60 ਸਾਲ ਦੇ ਦੇਸ ਰਾਜ ਨਿਵਾਸੀ ਗੁਰੂ ਨਾਨਕ ਨਗਰ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਉਸਨੇ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਤਿੰਨ ਮਰਲੇ ਦਾ ਮਕਾਨ ਬਣਾਇਆ ਸੀ। ਉਸ ਦਾ ਲੜਕਾ ਆਪਣੀ ਪਤਨੀ ਨਾਲ ਨਾਲ ਦੇ ਮਕਾਨ ’ਚ ਰਹਿੰਦਾ ਹੈ ਫਿਰ ਵੀ ਇਸ ਮਕਾਨ ’ਤੇ ਉਸਦੀ ਨਜ਼ਰ ਸੀ। ਕਾਫੀ ਸਮੇਂ ਤੋਂ ਉਹ ਇਹ ਮਕਾਨ ਆਪਣੇ ਨਾਂ ਕਰਵਾਉਣ ਲਈ ਅੜਿਆ ਹੋਇਆ ਸੀ। ਇਸ ਗੱਲ ਨੂੰ ਲੈ ਕੇ ਕਈ ਵਾਰ ਝਗੜਾ ਹੋਇਆ ਪਰ ਇਹ ਮਕਾਨ ਆਪਣੀ ਲੜਕੀ ਦੇ ਨਾਂ ਕਰ ਦਿੱਤਾ। ਇਸ ਗੱਲ ਦਾ ਉਸਦੇ ਲੜਕੇ ਨੂੰ ਪਤਾ ਲੱਗਿਆ ਤਾਂ ਉਸਨੇ ਸ਼ੁੱਕਰਵਾਰ ਨੂੰ ਰੱਜ ਕੇ ਹੰਗਾਮਾ ਕੀਤਾ।