ਮਨਜਿੰਦਰ ਸਿਰਸਾ ਨੇ ਜਗਮੀਤ ਸਿੰਘ ਨੂੰ ਕੈਨੇਡਾ ‘ਚ ਜਿੱਤ ਲਈ ਦਿੱਤੀ ਵਧਾਈ

ਚੰਡੀਗੜ੍ਹ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸ੍ਰ ਜਗਮੀਤ ਸਿੰਘ ਨੂੰ ਕੈਲੇਡਾ ਵਿਚ ਪ੍ਰਮੁੱਖ ਸਿਆਸੀ ਪਾਰਟੀ ਦੀ ਅਗਵਾਈ ਕਰਨ ਲਈ ਪਹਿਲਾ ਸਿੱਖ ਤੇ ਪੰਜਾਬੀ ਆਗੂ ਬਣਨ ‘ਤੇ ਮੁਬਾਰਕਬਾਦ ਦਿੱਤੀ।
ਦੱਸਣਯੋਗ ਹੈ ਕਿ ਸ੍ਰ ਜਗਮੀਤ ਸਿੰਘ ਕੈਨੇਡਾ ਦੀ ਪ੍ਰਮੁੱਖ ਸਿਆਸੀ ਪਾਰਟੀ ਨਿਊ ਡੈਮੋਕਰੈਟਿਕ ਪਾਰਟੀ (ਐਨ ਡੀ ਪੀ) ਦੇ ਆਗੂ ਚੁਣੇ ਗਏ ਹਨ ਤੇ ਉਹਨਾਂ ਨੂੰ 50 ਫੀਸਦੀ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ।
ਸ੍ਰ ਜਗਮੀਤ ਸਿੰਘ ਨੂੰ ਭੇਜੇ ਵਧਾਈ ਸੰਦੇਸ਼ ਵਿਚ ਸ੍ਰ ਸਿਰਸਾ ਨੇ ਕਿਹਾ ਕਿ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਵਰ ਦਿੱਤਾ ਸੀ ਕਿ ਉਹ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਵਸ ਜਾਣਗੇ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਅੱਜ ਸਿੱਖ ਦੁਨੀਆਂ ਭਰ ਵਿਚ ਇਕ ਤਾਕਤ ਵਜੋਂ ਉਭਰੇ ਹਨ। ਉਹਨਾਂ ਕਿਹਾ ਕਿ ਜਦੋਂ ਸਾਰੀ ਦੁਨੀਆਂ ਪ੍ਰਮੁੱਖ ਵਿਸ਼ਵ ਅਰਥਚਾਰਿਆਂ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਤੇ ਇਹਨਾਂ ਦੀ ਗਰੀਬ ਤੇ ਲਾਚਾਰ ਲੋਕਾਂ ਦੀ ਸੇਵਾ ਤੇ ਹੋਰ ਸਮਾਜਿਕ ਖੇਤਰਾਂ ਵਿਚ ਕੰਮ ਨੂੰ ਮਾਨਤਾ ਦੇ ਰਹੇ ਹਨ, ਉਦੋਂ ਉਹਨਾਂ ਦੀ ਚੋਣ ਕੈਨੇਡਾ ਦੀ ਪ੍ਰਮੁੱਖ ਪਾਰਟੀ ਦੀ ਅਗਵਾਈ ਵਾਸਤੇ ਹੋਣਾ, ਸਿੱਖਾਂ ਦਾ ਮਨੋਬਲ ਉਚਾ ਚੁੱਕਣ ਵਿਚ ਹੋਰ ਵੱਡਾ ਯੋਗਦਾਨ ਪਾਵੇਗੀ।
ਸ੍ਰ ਸਿਰਸਾ ਨੇ ਕਿਹਾ ਕਿ ਇਸ ਚੋਣ ਨੇ ਸਿੱਖ ਭਾਈਚਾਰੇ ਨੂੰ ਇਹ ਮੌਕਾ ਵੀ ਪ੍ਰਦਾਨ ਕੀਤਾ ਹੈ ਕਿ ਪਹਿਲੀ ਵਾਰ ਦੁਨੀਆਂ ਦੇ ਕਿਸੇ ਮੁਲਕ ਦਾ ਪ੍ਰਧਾਨ ਮੰਤਰੀ ਇਕ ਅੰਮ੍ਰਿਤਧਾਰੀ ਸਿੰਘ ਵੀ ਬਣ ਸਕਦਾ ਹੈ ਅਤੇ ਇਹ ਮੁਲਕ ਕੈਨੇਡਾ ਹੋਵੇ ਜੋ ਕਿ ਵਿਸ਼ਵ ਵਿਚ ਪ੍ਰਮੁੱਖ ਅਰਥਚਾਰਾ ਹੈ ਤਾਂ ਇਸਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਸ੍ਰ ਜਗਮੀਤ ਸਿੰਘ ਨੂੰ ਸ਼ੁਭ ਇੱਛਾਵਾਂ ਭੇਂਟ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਕੈਨੇਡਾ ਵਿਚ ਵਸਦੇ ਸਿੱਖਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ੍ਰ ਜਗਮੀਤ ਸਿੰਘ ਦੀ ਪ੍ਰਾਪਤੀ ਦੀ ਸਿਫਤ ਕਰਨ। ਉਹਨਾਂ ਨੇ ਉਹਨਾਂ ਦੀ ਮਾਤਾ ਸਰਦਾਰਨੀ ਹਰਮੀਤ ਕੌਰ ਤੇ ਪਿਤਾ ਸ੍ਰ ਜਗਤਾਰਨ ਸਿੰਘ ਨੂੰ ਵੀ ਉਹਨਾਂ ਦੇ ਸਪੁੱਤਰ ਜਗਮੀਤ ਸਿੰਘ ਦੀ ਚੋਣ ਦੀ ਵਧਾਈ ਦਿੱਤੀ।

Be the first to comment

Leave a Reply