ਮਮਤਾ ਬੈਨਰਜੀ ਨੇ ਐੱਨ. ਡੀ. ਏ. ਦੇ ਸਹਿਯੋਗੀ ਦਲਾਂ ਦੀ ਨਾਰਾਜ਼ਗੀ ਨੂੰ ਲੈ ਕੇ ਭਾਜਪਾ ‘ਤੇਨਿਸ਼ਾਨਾ ਸਾਧਿਆ

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਐੱਨ. ਡੀ. ਏ. ਦੇ ਸਹਿਯੋਗੀ ਦਲਾਂ ਦੀ ਨਾਰਾਜ਼ਗੀ ਨੂੰ ਲੈ ਕੇ ਭਾਜਪਾ ‘ਤੇ ਵੀਰਵਾਰ ਨੂੰ ਨਿਸ਼ਾਨਾ ਸਾਧਿਆ। ਇਸ ਦੇ ਲਈ ਮਮਤਾ ਨੇ ਤੇਲੁਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਖੁੱਲੀ ਬਗਾਵਤ ਦਾ ਹਵਾਲਾ ਦਿੱਤਾ। ਤੇਲੁਗੂ ਦੇਸ਼ਮ ਪ੍ਰਮੁੱਖ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀਰਵਾਰ ਨੂੰ ਹੀ ਆਂਧਰਾ ਪ੍ਰਦੇਸ਼ ਵਿਧਾਨਸਭਾ ‘ਚ ਕੇਂਦਰ ਤੋਂ ਆਪਣੇ ਦੋਵੇਂ ਮੰਤਰੀਆਂ ਦੇ ਅਸਤੀਫੇ ਦਾ ਐਲਾਨ ਕੀਤਾ। ਇਸ ਐਲਾਨ ਤੋਂ ਕੁੱਝ ਹੀ ਘੰਟਿਆਂ ਬਾਅਦ ਮਮਤਾ ਨੇ ਕਿਹਾ ਕਿ ਅੱਜ ਟੀ. ਡੀ. ਪੀ. ਤਕ ਉਨ੍ਹਾਂ ਦਾ ਸਾਥ ਛੱਡ ਰਹੀ ਹੈ। ਉਹ ਕਹਿ ਰਹੇ ਹਨ ਕਿ ਉਨ੍ਹਾਂ ਦੇ ਮੰਤਰੀ ਕੇਂਦਰ ਸਰਕਾਰ ਤੋਂ ਹਟ ਰਹੇ ਹਨ। ਟੀ. ਡੀ. ਪੀ. ਤੁਹਾਡਾ ਸਹਿਯੋਗੀ ਦਲ ਹੈ। ਸ਼ਿਵਸੈਨਾ ਤੁਹਾਡਾ ਸਹਿਯੋਗ ਦਲ ਹੈ।  ਮਮਤਾ ਕੋਲਕਾਤਾ ‘ਚ ਆਪਣੀ ਪਾਰਟੀ ਦੀ ਮਹਿਲਾ ਰੈਲੀ ਨੂੰ ਸੰਬੋਧਿਤ ਕਰ ਰਹੀ ਸੀ। ਜਿਸ ਦੌਰਾਨ ਉਨ੍ਹਾਂ ਕਿਹਾ ਕਿ ਕੀ ਤੁਸੀਂ ਸੁਣ ਸਕਦੇ ਹੋ ਕਿ ਉਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਕਰਨਾਟਕ ਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੰਗਾਲ ਵੱਲ ਰੁਖ ਕਰਨ ਦੀ ਕਦੇ ਵੀ ਹਿਮਾਕਤ ਨਾ ਕਰਨਾ ਨਹੀਂ ਤਾਂ ਬੰਗਾਲ ਤੋਂ ਕਰਾਰ ਜਵਾਬ ਮਿਲੇਗਾ। ਮਮਤਾ ਨੇ ਬੰਗਾਲ ‘ਚ ਭਾਜਪਾ ਦੀ ਹਮਲਾਵਰ ਯੋਜਨਾ ਖਿਲਾਫ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕਹਿੰਦੇ ਹਨ ਕਿ ਬੰਗਾਲ ਨੂੰ ਜਿੱਤਣ ਨਾਲ ਉਨ੍ਹਾ ਦੇ ਸੁਪਨੇ ਪੂਰੇ ਹੋਣਗੇ ਪਰ ਇਹ ਆਸਾਨ ਨਹੀਂ ਹੈ। ਇਸ ਦੀ ਥਾਂ ਬੰਗਾਲ ਜ਼ਰੂਰ ਦਿੱਲੀ ‘ਚ ਜਿੱਤ ਸਕਦਾ ਹੈ, ਤੁਸੀਂ ਅਜੇ ਬੰਗਾਲ ਨੂੰ ਨਹੀਂ ਸਮਝਿਆ ਹੈ।