ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਲੋਹੜੀ ਮਨਾਉਣ ਪੁੱਜੇ ਸੰਸਦ ਮੈਂਬਰ ਨੂੰ ਘੇਰਿਆ

ਅੰਮ੍ਰਿਤਸਰ – ਗੁਰੂ ਨਾਨਕ ਦੇਵ ਹਸਪਤਾਲ ਵਿਚ ਅੱਜ ਨਵ-ਜੰਮੀਆਂ ਲੜਕੀਆਂ ਦੀ ਲੋਹੜੀ ਮਨਾਉਣ ਪੁੱਜੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਡਾਕਟਰਾਂ ਦੇ ਸਤਾਏ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਘੇਰ ਲਿਆ। ਪਰਿਵਾਰਕ ਮੈਂਬਰਾਂ ਨੇ ਸ਼੍ਰੀ ਔਜਲਾ ਦੇ ਸਾਹਮਣੇ ਜੰਮ ਕੇ ਡਾਕਟਰਾਂ ਖਿਲਾਫ ਭੜਾਸ ਕੱਢੀ। ਸ਼੍ਰੀ ਔਜਲਾ ਵਲੋਂ ਕਰਵਾਈ ਗਈ ਚੈਕਿੰਗ ਵਿਚ ਮੌਕੇ ‘ਤੇ ਪ੍ਰਾਈਵੇਟ ਮੈਡੀਕਲ ਸਟੋਰਾਂ ਦੇ 3 ਕਰਿੰਦਿਆਂ ਨੂੰ ਦਵਾਈਆਂ ਦੀਆਂ ਪਰਚੀਆਂ ਸਮੇਤ ਫੜਿਆ ਗਿਆ ਤੇ ਮੌਕੇ ‘ਤੇ ਪੁਲਸ ਨੂੰ ਸੱਦ ਕੇ ਇਨ੍ਹਾਂ ਕਰਿੰਦਿਆਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਸ਼੍ਰੀ ਗੁਰਜੀਤ ਔਜਲਾ ਇਕ ਸੰਸਥਾ ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਗੁਰੂ ਨਾਨਕ ਦੇਵ ਹਸਪਤਾਲ ਵਿਚ ਨਵ-ਜੰਮੀਆਂ ਲੜਕੀਆਂ ਦੀ ਲੋਹੜੀ ਮਨਾਉਣ ਲਈ ਪੁੱਜੇ ਹੋਏ ਸਨ। ਸ਼੍ਰੀ ਔਜਲਾ ਕੋਲ ਪਹੁੰਚੇ ਫਰਿਆਦੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਰੀਜ਼ਾਂ ਦੇ ਇਲਾਜ ਲਈ ਦਵਾਈ ਬਾਹਰ ਤੋਂ ਮੰਗਵਾਈ ਜਾ ਰਹੀ ਹੈ। ਇਕ ਗਰਭਵਤੀ ਮਹਿਲਾ ਦੀ ਡਲਿਵਰੀ ਲਈ 20,000 ਤੋਂ 25,000 ਤੱਕ ਵਸੂਲੇ ਜਾ ਰਹੇ ਹਨ, ਇੰਨੇ ਪੈਸਿਆਂ ਵਿਚ ਤਾਂ ਨਿੱਜੀ ਹਸਪਤਾਲ ਵਿਚ ਹੀ ਡਲਿਵਰੀ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ। ਇਸ ਸ਼ਿਕਾਇਤ ਦੇ ਆਧਾਰ ‘ਤੇ ਸ਼੍ਰੀ ਔਜਲਾ ਨੇ ਬੇਬੀ ਵਾਰਡ ਵਿਚ ਛਾਪਾ ਮਾਰਿਆ। ਇਸ ਦੌਰਾਨ ਮਜੀਠਾ ਰੋਡ ਸਥਿਤ ਮੈਡੀਕਲ ਸਟੋਰ ਦੇ 3 ਕਰਿੰਦੇ ਅੰਦਰ ਘੁੰਮ ਰਹੇ ਸਨ ਇਹ ਕਰਿੰਦੇ ਗਰਭਵਤੀ ਔਰਤਾਂ ਦੀਆਂ ਕਾਪੀਆਂ ਲੈ ਕੇ ਆਪਣੇ ਮੈਡੀਕਲ ਸਟੋਰ ਵਿਚ ਭੇਜ ਰਹੇ ਸਨ ਅਤੇ ਉਥੋਂ ਦਵਾਈ ਮੰਗਵਾਈ ਜਾ ਰਹੀ ਸੀ । ਇੰਨਾ ਹੀ ਨਹੀਂ ਟੈਸਟ ਆਦਿ ਲਈ ਵੀ ਸੈਂਪਲ ਕੁਲੈਕਟ ਕਰ ਕੇ ਆਪਣੀ-ਆਪਣੀ ਲੈਬਾਰਟਰੀ ਵਿਚ ਭੇਜ ਰਹੇ ਸਨ। ਗੁਰਜੀਤ ਸਿੰਘ ਔਜਲਾ ਨੇ ਇਨ੍ਹਾਂ ਨੂੰ ਰੰਗੇ ਹੱਥੀਂ ਦਬੋਚ ਲਿਆ, ਇਸ ਦੇ ਬਾਅਦ ਗੁਰੂ ਨਾਨਕ ਦੇਵ ਹਸਪਤਾਲ ਵਿਚ ਹੀ ਸਥਿਤ ਸਥਾਈ ਪੁਲਸ ਚੌਕੀ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ, ਪੁਲਸ ਮੌਕੇ ‘ਤੇ ਪਹੁੰਚੀ ਅਤੇ ਇਨ੍ਹਾਂ ਤਿੰਨਾਂ ਕਰਮਚਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ।

Be the first to comment

Leave a Reply