ਮਹਾਂਗੱਠਜੋੜ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ – ਰਾਹੁਲ

ਮੁੰਬਈ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਤੇ ਆਰਐਸਐਸ ਦਾ ਟਾਕਰਾ ਕਰਨ ਲਈ ਵਿਰੋਧੀ ਧਿਰ ਦਾ ‘ਮਹਾਂਗਠਬੰਧਨ’ ਸਿਆਸੀ ਪਾਰਟੀਆਂ ਦਾ ਹੀ ਨਹੀਂ ਸਗੋਂ ਦੇਸ਼ ਦੇ ਲੋਕਾਂ ਦੇ ਜਜ਼ਬਾਤ ਦੀ ਤਰਜਮਾਨੀ ਕਰਦਾ ਹੈ। ਸ੍ਰੀ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਸੰਵਿਧਾਨ ਤੇ ਦੇਸ਼ ਦੀਆਂ ਸੰਸਥਾਵਾਂ ਦੀ ਭੰਨ ਤੋੜ ਕਰ ਰਹੇ ਹਨ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ‘‘ ਇਹ ਨਾ ਕੇਵਲ ਭਾਜਪਾ ਦਾ ਵਿਰੋਧ ਕਰਨ ਵਾਲੀਆਂ ਸਿਆਸੀ ਪਾਰਟੀਆਂ ਦਾ ਸਗੋਂ ਆਮ ਲੋਕਾਂ ਦੀ ਭਾਵਨਾ ਹੈ ਕਿ ਭਾਜਪਾ, ਆਰਐਸਐਸ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਟਾਕਰਾ ਕਰਨ ਲਈ ਮਹਾਂਗਠਬੰਧਨ ਕਾਇਮ ਕੀਤਾ ਜਾਵੇ।’’ ਉਂਜ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਵਿਰੋਧੀ ਪਾਰਟੀਆਂ ਦੇ ਗੱਠਜੋੜ ਦੀ ਅਗਵਾਈ ਕੌਣ ਕਰੇਗਾ ਤਾਂ ਉਨ੍ਹਾਂ ਕੋਈ ਜਵਾਬ ਨਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਇਨ੍ਹਾਂ ਆਵਾਜ਼ਾਂ ਨੂੰ ਇਕਸੁਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ’ਤੇ ਕੰਮ ਹੋ ਰਿਹਾ ਹੈ। ਰਾਹੁਲ ਗਾਂਧੀ ਮੰਗਲਵਾਰ ਤੋਂ ਮਹਾਰਾਸ਼ਟਰ ਦੇ ਦੋ ਰੋਜ਼ਾ ਦੌਰੇ ’ਤੇ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਮੋਦੀ ਸਰਕਾਰ ਨੂੰ ਕਹਿੰਦੀਆਂ ਆ ਰਹੀਆਂ ਹਨ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜੀਐਸਟੀ ਹੇਠ ਲਿਆਂਦੀਆਂ ਜਾਣ ਤਾਂ ਕਿ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਨੋਟਬੰਦੀ ਰਾਹੀਂ ਛੋਟੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਸੱਟ ਮਾਰੀ ਗਈ ਸੀ। ਚਮੜਾ ਉਦਯੋਗ ਤੇ ਕੱਪੜਾ ਉਦਯੋਗ ਇਸ ਦੀਆਂ ਉਘੜਵੀਆਂ ਮਿਸਾਲਾਂ ਹਨ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਵੇਲੇ ਕੱਚੇ ਤੇਲ ਦੀ ਕੀਮਤ 130 ਡਾਲਰ ਤੋਂ ਵੀ ਪਾਰ ਹੋ ਗਈ ਸੀ ਜਦਕਿ ਮੋਦੀ ਸਰਕਾਰ ਨੇ ਹੁਣੇ ਲੋਕਾਂ ਦਾ ਤ੍ਰਾਹ ਕੱਢ ਰੱਖਿਆ ਹੈ ਜਦਕਿ ਕੱਚੇ ਤੇਲ ਦੀ ਕੀਮਤ ਅਜੇ 70 ਡਾਲਰ ਹੈ।