ਮਹਾਨ ਕੋਸ਼ ਦੀ ਜਾਂਚ ਨੂੰ ਲੈ ਕੇ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਐਲਾਨ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਪਟਿਆਲਾ   (ਸਾਂਝੀ ਸੋਚ ਬਿਊਰੋ)  ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਨੂੰ ਹੋਰ ਭਾਸ਼ਵਾਂ ਵਿਚ ਤਬਦੀਲ ਕਰਨ ਮੌਕੇ ਕੀਤੀਆਂ ਗਲਤੀਆਂ ਦੇ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੇ ਹੋਏ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੂਡੰਗਰ ਵਲੋਂ ਅੱਜ ਇਥੇ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸਿੱਖ ਵਿਦਵਾਨਾਂ ਨਾਲ ਮੀਟਿੰਗ ਕਰਕੇ ਇਸ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੂਡੰਗਰ ਨੇ ਅੱਜ ਇਥੇ ਆਖਿਆ ਕਿ ਮਹਾਨ ਕੋਸ਼ ਸਿੱਖ ਪੰਥ ਦੀ ਬਹੁਤ ਵੱਡੀ ਵਿਰਾਸਤ ਹੈ, ਇਕੱਲੇ ਪੰਜਾਬ ਹੀ ਨਹੀ ਸਗੋਂ ਸਮੂਹ ਸੰਸਾਰ ਦੇ ਵਿਦਵਾਨ ਇਸ ਮਹਾਨ ਕੋਸ਼ ਤੋਂ ਸੇਧ ਲੈਂਦੇ ਹਨ ਤੇ ਇਸ ਮਹਾਨ ਕੋਸ਼ ਦਾ ਸਿੱਖ ਇਤਹਾਸ ਦੀ ਖੋਜ ਵਿਚ ਅਹਿਮ ਯੋਗਦਾਨ ਹੈ ਪਰ ਹੈਰਾਨੀ ਹੈ ਕਿ ਇਹ ਮਹਾਨ ਕੋਸ਼ ਦੂਜੀਆਂ ਭਾਸ਼ਵਾਂ ਵਿਚ ਤਬਦੀਲ ਕਰਨ ਮੌਕੇ ਇਸ ਵਿਚ ਵੱਡੀਆਂ ਗਲਤੀਆਂ ਕਰ ਦਿਤੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਇਥੇ ਹੀ ਬੱਸ ਨਹੀ ਪੰਜਾਬੀ ਯੂਨੀਵਰਸਿਟੀ ਨੇ ਇਸ ਮਹਾਨ ਕੋਸ਼ ਦੀਆਂ ਛਪਾਈਆਂ 20000 ਕਾਪੀਆਂ ਦੀ ਵਿਕਰੀ ‘ਤੇ ਪਹਿਲਾ ਰੋਕ ਲਗਾ ਦਿਤੀ ਅਤੇ ਫਿਰ ਹਟਾ ਲਈ ਜਿਸ ਨਾਲ ਪੰਜਾਬੀ ਯੂਨੀਵਰਸਿਟੀ ਦੀ ਅਸਲੀਅਤ ਜੱਗ ਜਾਹਰ ਹੋ ਗਈ ਹੈ ਕਿ ਆਖਿਰ ਪੰਜਾਬੀ ਯੂਨੀਵਰਸਿਟੀ ਦਾ ਮਹਾਨ ਕੋਸ਼ ‘ਤੇ ਪਾਬੰਦੀ ਵਾਲਾ ਹੁਕਮ ਠੀਕ ਹੈ ਜਾਂ ਫਿਰ ਰੋਕ ਹਟਾਉਣ ਵਾਲਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਗਲਤੀਆਂ ਵਾਲੇ ਮਹਾਨ ਕੋਸ਼ ਨੂੰ ਵੇਚਣ ਦੀ ਇਜ਼ਾਜਤ ਦੇਣ ਨਾਲ ਗਲਤੀਆਂ ਵਾਲਾ ਮਹਾਨ ਕੋਸ਼ ਇਸ ਤਰ੍ਹਾਂ ਵਿਦਵਾਨਾਂ ਕੋਲ ਜਾਵੇਗਾ ਤਾਂ ਇਸ ਨਾਲ ਤਾਂ ਸਿੱਖ ਪੰਥ ਦਾ ਅਤੇ ਵਿਦਾਵਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਅੱਜ ਇਸ ਸੰਬਧੀ ਵਿਦਵਾਨਾਂ ਦੀ ਕੀਤੀ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਤਿੰਨ ਮੈਂਬਰੀ ਕਮੇਟੀ ਬਣਾ ਦਿਤੀ ਗਈ ਹੈ ਜਿਸ ਵਿਚ ਡਾਕਟਰ ਪ੍ਰਭਜੋਤ ਕੌਰ, ਡਾਕਟਰ ਚਮਕੌਰ ਸਿੰਘ ਸਿੱਖ ਇਤਿਹਾਸ ਰਿਸਰਚ ਬੋਰਡ, ਅਮਰਦਿੰਰ ਸਿੰਘ ਚੰਡੀਗੜ੍ਹ ਸਾਬਕਾ ਐਸ ਜੀ ਪੀ ਸੀ ਮੈਂਬਰ ਹੋਣਗੇ ਤੇ ਇਸ ਕਮੇਟੀ ਦੇ ਕੁਆਡੀਨੇਟਰ ਵਜੋਂ ਐਸ ਜੀ ਪੀ ਸੀ ਦੇ ਸਕੱਤਰ ਅਵਤਾਰ ਸਿੰਘ ਕੰਮ ਕਰਨਗੇ । ਉਹਨਾਂ ਆਖਿਆ ਕਿ ਇਸ ਕਮੇਟੀ ਨੂੰ ਆਪਣੀ ਰਿਪੋਰਟ ਜਲਦ ਪੇਸ਼ ਕਰਨ ਦੇ ਹੁਕਮ ਦਿਤੇ ਹਨ । ਉਹਨਾਂ ਆਖਿਆ ਕਿ ਐਸ ਜੀ ਪੀ ਸੀ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਵਿਚ ਵੀ ਧਿਰ ਬਣਕੇ ਆਪਣਾ ਪੱਖ ਰੱਖੇਗੀ। ਇਸ ਮੌਕੇ ਡਾਇਰੈਕਟਰ ਸਿੱਖਿਆ ਡਾ. ਧਰਮਿੰਦਰ ਸਿੰਘ ਉਭਾ, ਡਾ. ਪਰਮਵੀਰ ਸਿੰਘ, ਡਾ. ਜਤਿੰਦਰ ਸਿੰਘ ਸਿੱਧੂ ਪ੍ਰਿੰਸੀਪਲ, ਚੇਅਰਮੈਨ ਨਰਦੇਵ ਸਿੰਘ ਆਕੜੀ, ਜਥੇਦਾਰ ਇੰਦਰਮੋਹਨ ਸਿੰਘ ਬਜਾਜ, ਪ੍ਰਭਜੀਤ ਸਿੰਘ, ਡਾ. ਪਰਮਜੀਤ ਸਿੰਘ ਸਰੋਆ, ਡਾ. ਗੁਰਵੀਰ ਸਿੰਘ, ਮੈਨੇਜਰ ਅਮਰਜੀਤ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਹਾਜ਼ਰ ਸਨ।

Be the first to comment

Leave a Reply