ਮਹਿਲਾ ਟੀ-20 ਸੀਰੀਜ਼ ‘ਚ ਭਾਰਤੀ ਟੀਮ ਦੀ ਕਮਾਨ ਪੰਜਾਬਣ ਹਰਮਨਪ੍ਰੀਤ ਦੇ ਹੱਥ

ਚੰਡੀਗੜ੍ਹ: ਅੱਜ ਤੋਂ ਦੱਖਣੀ ਅਫਰੀਕਾ ਨਾਲ ਸ਼ੁਰੂ ਹੋ ਰਹੀ ਮਹਿਲਾ ਟੀ-20 ਸੀਰੀਜ਼ ‘ਚ ਭਾਰਤੀ ਟੀਮ ਦੀ ਕਮਾਨ ਪੰਜਾਬਣ ਹਰਮਨਪ੍ਰੀਤ ਹੱਥ ਹੋਵੇਗੀ। ਭਾਰਤੀ ਖਿਡਾਰਨਾਂ ਨੇ ਦੱਖਣੀ ਅਫਰੀਕਾ ਨਾਲ 5 ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ ਜਿਸ ਦਾ ਪਹਿਲਾ ਮੁਕਾਬਲਾ ਅੱਜ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਵਨਡੇ ਸੀਰੀਜ਼ ‘ਚ ਮਿਤਾਲੀ ਰਾਜ ਦੀ ਕਪਤਾਨੀ ‘ਚ ਖੇਡਦਿਆਂ ਦੱਖਣੀ ਅਫਰੀਕਾ ਨੂੰ 2-1 ਨਾਲ ਮਾਤ ਦਿੱਤੀ ਸੀ। ਟੀ-20 ਟੀਮ ਦੀ ਕਮਾਨ ਬੱਲੇਬਾਜ਼ ਹਰਮਨਪ੍ਰੀਤ ਹੱਥ ਹੈ ਜੋ ਬੀਤੇ ਸਾਲ ਇੰਗਲੈਂਡ ‘ਚ ਆਈਸੀਸੀ ਮਹਿਲਾ ਵਿਸ਼ਵ ਕੱਪ ‘ਚ ਸਟਾਰ ਬਣੀ ਸੀ। ਹਰਮਨ ਨੇ ਸੈਮੀਫਾਈਨਲ ਮੁਕਾਬਲੇ ‘ਚ ਆਸਟ੍ਰੇਲੀਆ ਖਿਲਾਫ਼ ਸ਼ਾਨਦਾਰ 171 ਦੌੜਾਂ ਦੀ ਪਾਰੀ ਖੇਡ ਭਾਰਤ ਨੂੰ ਫਾਈਨਲ ‘ਚ ਪਹੁੰਚਾਇਆ ਸੀ। ਭਾਰਤੀ ਮਹਿਲਾ ਟੀਮ ‘ਤੇ ਮੇਜ਼ਾਬਨ ਟੀਮ ਨੂੰ ਸ਼ੁਰੂਆਤੀ ਦੋ ਮੈਚਾਂ ‘ਚ 88 ਤੇ 178 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ, ਜਦਕਿ ਆਖਰੀ ਮੈਚ ਹਾਰ ਗਈ ਸੀ। ਭਾਰਤੀ ਟੀਮ ‘ਚ ਅਨੁਜਾ ਪਾਟਿਲ, ਹਰਫ਼ਨਮੌਲਾ ਰਾਧਾ ਯਾਦਵ ਤੇ ਵਿਕਟਕੀਪਰ ਨੁਜ਼ਹਤ ਪਰਵੀਨ ਤਿੰਨ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਟੀ-20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਨੁੰ ਝਟਕਾ ਵੀ ਲੱਗਾ ਹੈ। ਟੀਮ ਦੀ ਸਭ ਤੋਂ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਸੱਟ ਕਾਰਨ ਟੀ-20 ਸੀਰੀਜ਼ ‘ਚੋਂ ਬਾਹਰ ਹੋ ਗਏ ਹਨ। ਝੂਲਨ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਪੰਜ ਵਿਕਟ ਝਟਕਾਏ ਸਨ। 200 ਵਿਕਟਾਂ ਹਾਸਲ ਕਰਨ ਦਾ ਇਤਿਹਾਸ ਵੀ ਉਨ੍ਹਾਂ ਇਸੇ ਸੀਰੀਜ਼ ‘ਚ ਰਚਿਆ ਸੀ। ਝੂਲਨ ਆਖਰੀ ਵਨਡੇ ਮੁਕਾਬਲਾ ਨਹੀਂ ਖੇਡ ਸਕੇ ਸਨ।

Be the first to comment

Leave a Reply