ਮਾਤਾ ਗੁਜਰੀ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਸ੍ਰੀ ਨਿੰਦਰ ਘੁਗਿਆਣਵੀ ਦਾ ਰੂਬਰੂ ਸਮਾਗਮ

ਫਤਿਹਗੜ੍ਹ ਸਾਹਿਬ : ਅੱਜ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ, ਵਿਭਾਗ ਦੇ ਮੁੱਖੀ ਡਾ. ਰਾਜਿੰਦਰ ਕੌਰ ਦੀ ਅਗਵਾਈ ਅਤੇ ਕਾਲਜ ਪ੍ਰਿੰਸੀਪਲ/ਡਾਇਰੈਕਟਰ ਡਾ. ਜਤਿੰਦਰ ਸਿੰਘ ਸਿੱਧੂ ਜੀ ਦੀ ਸਰਪ੍ਰਸਤੀ ਹੇਠ ਪੰਜਾਬੀ ਸਾਹਿਤ ਜਗਤ ਦੀ ਇੱਕ ਪ੍ਰਸਿੱਧ ਸ਼ਖ਼ਸੀਅਤ ਸ੍ਰੀ ਨਿੰਦਰ ਘੁਗਿਆਣਵੀ ਦਾ ਰੂਬਰੂ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਬਤੌਰ ਮੁੱਖ ਵਕਤਾ ਭਾਸ਼ਣ ਦਿੰਦਿਆਂ ਸ੍ਰੀ ਨਿੰਦਰ ਘੁਗਿਆਣਵੀ ਨੇ ਬੜੇ ਹੀ ਰੌਚਿਕ ਅਤੇ ਅਰਥ ਭਰਪੂਰ ਢੰਗ ਨਾਲ ਆਪਣੇ ਜੀਵਨ-ਸਫ਼ਰ, ਆਪਣੀਆਂ ਰਚਨਾਵਾਂ ਅਤੇ ਸਿਰਜਣ ਪ੍ਰਕਿਰਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅਕਾਦਮਿਕ ਯੋਗਤਾ ਦੇ ਪੱਖ ਤੋਂ ਉਹ ਭਾਵੇਂ ਦਸਵੀਂ ਫੇਲ ਹਨ ਪਰ ਉਹਨਾਂ ਕੋਲ ਜੀਵਨ ਦਾ ਬੜਾ ਵਿਸ਼ਾਲ ਅਤੇ ਗਹਿਰਾ ਤਜ਼ਰਬਾ ਹੈ, ਜਿਸ ਦੇ ਬਲਬੂਤੇ ‘ਤੇ ਉਹਨਾਂ ਨੇ ਮਹਿਜ਼ 42 ਸਾਲਾਂ ਦੀ ਉਮਰ ਵਿੱਚ ਹੁਣ ਤੱਕ 49 ਰਚਨਾਵਾਂ ਦੀ ਰਚਨਾ ਕੀਤੀ ਹੈ।
ਉਹਨਾਂ ਦੱਸਿਆ ਕਿ ਜਵਾਨ ਉਮਰੇ ਉਹਨਾਂ ਪੰਜਾਬੀ ਦੇ ਮਹਾਨ ਲੋਕ ਗਾਇਕ ਸ੍ਰੀ ਲਾਲ ਚੰਦ ਜੀ ਯਮਲਾ ਜੱਟ ਨੂੰ ਆਪਣਾ ਉਸਤਾਦ ਧਾਰਿਆ। ਉਨ੍ਹਾਂ ਪਾਸੋਂ  ਤੂੰਬੀ ਵਜਾਉਣ ਦੀ ਸਿੱਖਿਆ ਲੈਣ ਦੇ ਨਾਲ-ਨਾਲ ਸਾਫ-ਸੁਥਰੀ ਗਾਇਕੀ ਦੇ ਗੁਰ ਵੀ ਸਿੱਖੇ। ਜੀਵਨ ਵਿੱਚ ਕੀਤੇ ਕਰੜੇ ਸੰਘਰਸ਼ ਬਾਰੇ ਮੁੱਲਵਾਨ ਜਾਣਕਾਰੀ ਪ੍ਰਦਾਨ ਕਰਦਿਆਂ ਉਨ੍ਹਾਂ ਬੜੇ ਦਿਲ ਟੁੰਬਵੇਂ ਢੰਗ ਨਾਲ ਦੱਸਿਆ ਕਿ ਇੱਕ ਨਿਮਨ ਮੱਧ ਵਰਗੀ ਖੱਤਰੀ ਪਰਿਵਾਰ ਵਿੱਚ ਜਨਮ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਫਰੀਦਕੋਟ ਸ਼ਹਿਰ ਦੀ ਕਚਹਿਰੀ ਵਿੱਚ ਇੱਕ ਵਕੀਲ ਕੋਲ ਮੁਨਸ਼ੀ ਦੀ ਨੌਕਰੀ ਕੀਤੀ। ਉਪਰੰਤ ਕੁੱਝ ਸਮਾਂ ਇੱਕ ਜੱਜ ਕੋਲ ਬਤੌਰ ਅਰਦਲੀ ਕੰਮ ਕੀਤਾ ਅਤੇ ਇਸ ਦੌਰਾਨ ਹੀ ਸਭ ਤੋਂ ਪਹਿਲਾਂ ਸ੍ਰੀ ਲਾਲ ਚੰਦ ਯਮਲਾ ਜੱਟ ਅਤੇ ਉਹਨਾਂ ਦੇ ਕਈ ਪ੍ਰਤਿਭਾਵਾਨ ਸ਼ਗਿਰਦਾਂ ਦੀਆਂ ਜੀਵਨੀਆਂ ਲਿਖੀਆਂ। ਜੱਜ ਪਾਸ ਕੀਤੀ ਨੌਕਰੀ ਤੋਂ ਹਾਸਲ ਗਹਿਰੇ ਅਨੁਭਵ ਸਦਕਾ ਹੀ ਉਹ ‘ਜੱਜ ਦਾ ਅਰਦਲੀ’ ਨਾਮਕ ਆਪਣੀ ਸਭ ਤੋਂ ਵੱਧ ਮਸ਼ਹੂਰ ਹੋਈ ਪੁਸਤਕ ਦੀ ਰਚਨਾ ਕਰਨ ਵਿੱਚ ਕਾਮਯਾਬ ਹੋਏ। ਫਿਰ ਕੁੱਝ ਅਰਸਾ ਭਾਸ਼ਾ ਵਿਭਾਗ ਪੰਜਾਬ ਵਿੱਚ ਬਤੌਰ ਮਾਲੀ ਸੇਵਾ ਕਰਨ ਤੋਂ ਬਾਅਦ ਰੇਡਿਓ ਸਟੇਸ਼ਨ ਜਲੰਧਰ ਵਿਖੇ ਅਨਾਊਂਸਰ ਦਾ ਕੰਮ ਵੀ ਕੀਤਾ। ਨੌਕਰੀਆਂ ਦੇ ਬਦਲਾਓ ਦੇ ਸਮਵਿੱਥ ਕਿਤਾਬਾਂ ਦੀ ਸਿਰਜਣਾ ਦਾ ਉਨ੍ਹਾਂ ਦਾ ਮਨ ਭਾਉਂਦਾ ਕੰਮ ਨਿਰੰਤਰ ਜਾਰੀ ਰਿਹਾ। ਅੱਜ ਕਲ ਉਹ ਆਪਣੇ ਪਿੰਡ ਰਹਿ ਕੇ ਕੁਲ ਵਕਤੀ ਲੇਖਕ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਪੰਜਾਬ ਦੇ ਅਨੇਕਾਂ ਲਿਸ਼ਕਾਰੇ ਵਾਲੇ ਕਵੀਸ਼ਰਾਂ ਅਤੇ ਲੋਕ ਗਾਇਕਾਂ ਦੀਆਂ ਜੀਵਨੀਆਂ ਦੇ ਨਾਲ-ਨਾਲ ਦੁਨੀਆ ਦੇ ਕਈ ਦੇਸ਼ਾਂ ਦੀਆਂ ਕੀਤੀਆਂ ਆਪਣੀਆਂ ਯਾਤਰਾਵਾਂ ਬਾਰੇ ਰਚੇ ਸਫ਼ਰਨਾਮਿਆਂ ਅਤੇ ਅਨੇਕ ਲਲਿਤ ਨਿਬੰਧਾਂ ਸਮੇਤ ਲਗਭਗ 49 ਪੁਸਤਕਾਂ ਲਿਖ ਚੁੱਕੇ ਹਨ।
ਲੈਕਚਰ ਉਪਰੰਤ ਕਾਲਜ ਪ੍ਰਿੰਸੀਪਲ ਵੱਲੋਂ ਉਨ੍ਹਾਂ ਨੂੰ ਇੱਕ ਲੋਈ, ਕਾਲਜ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਦਾ ਇੱਕ ਸੈਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਡਾ. ਜਗਜੀਵਨ ਸਿੰਘ ਵੱਲੋਂ ਨਿਭਾਈ ਗਈ। ਨਿੰਦਰ ਘੁਗਿਆਣਵੀ ਜੀ ਦੇ ਭਾਸ਼ਣ ਉਪਰੰਤ ਕਾਲਜ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਜੀ ਦੀ ਪਹਿਲ ਕਦਮੀ ਅਤੇ ਪ੍ਰੇਰਨਾ ਨਾਲ ਵਿਦਿਆਰਥੀਆਂ ਵੱਲੋਂ ਭਾਸ਼ਣ ਕਰਤਾ ਪਾਸੋਂ ਕਈ ਸਵਾਲ ਪੁੱਛੇ ਗਏ ਜਿਹਨਾਂ ਦੇ ਵਕਤਾ ਨੇ ਬਾਖ਼ੂੁਬੀ ਜਵਾਬ ਦਿੱਤੇ। ਕਾਲਜ ਕੈਂਪਸ ਵਿੱਚ ਆਮਦ ਬਾਰੇ ਆਪਣੇ ਅਹਿਸਾਸ ਪ੍ਰਗਟ ਕਰਦਿਆਂ ਸ੍ਰੀ ਘੁਗਿਆਣਵੀ ਨੇ ਆਖਿਆ ਕਿ ਕਾਲਜ ਦਾ ਵਿਸ਼ਾਲ ਅਤੇ ਸੁੰਦਰ ਕੈਂਪਸ ਅਤੇ ਸਮੁੱਚਾ ਮਾਹੌਲ ਵੇਖ ਕੇ ਉਹਨਾਂ ਨੂੰ ਜਾਪਿਆ ਕਿ ਜਿਵੇਂ ਉਹ ਵਿਦੇਸ਼ ਦੀ ਕਿਸੇ ਵੱਡੀ ਵਿੱਦਿਅਕ ਸੰਸਥਾ ਵਿੱਚ ਆ ਗਏ ਹੋਣ। ਇੱਕ ਵਿਦਿਆਰਥੀ ਦੀ ਫਰਮਾਇਸ਼ ‘ਤੇ ਵਕਤਾ ਨੇ ਲਾਲ ਚੰਦ ਯਮਲਾ ਜੱਟ ਜੀ ਦੇ ਗੀਤ ਦਾ ਬੜੇ ਪ੍ਰਭਾਵਸ਼ਾਲੀ ਪਰੰਪਰਕ ਅੰਦਾਜ਼ ਵਿੱਚ ਗਾਇਨ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਅਤੇ ਭਾਵੁਕ ਕਰ ਦਿੱਤਾ। ਵਿਭਾਗ ਦੇ ਮੁਖੀ ਡਾ. ਰਾਜਿੰਦਰ ਕੌਰ ਨੇ ਮੁੱਖ ਵਕਤਾ, ਪ੍ਰਿੰਸੀਪਲ ਸਾਹਿਬ, ਸਟਾਫ਼ ਅਤੇ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦੌਰਾਨ ਪੰਜਾਬੀ ਵਿਭਾਗ ਦੇ ਅਧਿਆਪਕਾਂ ਡਾ. ਹਰਮਿੰਦਰ ਸਿੰਘ, ਡਾ. ਰਾਸ਼ਿਦ ਰਸ਼ੀਦ, ਡਾ. ਸੁਖਜੀਤ ਕੌਰ, ਡਾ. ਅਮਨਦੀਪ ਕੌਰ, ਪ੍ਰੋ. ਹਰਮਨਦੀਪ ਕੌਰ, ਸੁਖਵਿੰਦਰ ਸਿੰਘ, ਧਰਮਿੰਦਰ ਸਿੰਘ, ਸੁਮਨਜੋਤ ਕੌਰ, ਬੇਅੰਤ ਕੌਰ ਤੋਂ ਇਲਾਵਾ ਕਾਲਜ ਦੇ ਹੋਰ ਬਹੁਤ ਸਾਰੇ ਅਧਿਆਪਕ ਵੀ ਹਾਜ਼ਰ ਸਨ।

Be the first to comment

Leave a Reply