ਮਾਸਕੋ ‘ਚ 11 ਜੁਲਾਈ ਨੂੰ ਮਿਲਣਗੇ ਪੁਤਿਨ ਤੇ ਨੇਤਨਯਾਹੂ – ਇਜ਼ਰਾਇਲ

ਯੇਰੂਸ਼ਲਮ – ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਗਲੇ ਹਫਤੇ ਮਾਸਕੋ ਵਿਚ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ। ਨੇਤਨਯਾਹੂ ਦੇ ਦਫਤਰ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਦੋਵਾਂ ਨੇਤਾਵਾਂ ਵਿਚਕਾਰ 11 ਜੁਲਾਈ ਨੂੰ ਮਾਸਕੋ ਵਿਚ ਮੁਲਾਕਾਤ ਹੋਵੇਗੀ। ਨੇਤਨਯਾਹੂ ਅਤੇ ਪੁਤਿਨ ਖੇਤਰੀ ਮੁੱਦਿਆਂ ‘ਤੇ ਚਰਚਾ ਕਰਨ ਲਈ ਇਕ ਸਮੇਂ ਦੇ ਅੰਤਰਾਲ ਤੋਂ ਬਾਅਦ ਨਿਯਮਿਤ ਰੂਪ ਨਾਲ ਮਿਲਦੇ ਰਹਿੰਦੇ ਹਨ। ਇਨ੍ਹਾਂ ਖੇਤਰੀ ਮੁੱਦਿਆਂ ਵਿਚ ਵਿਸ਼ੇਸ਼ ਰੂਪ ਨਾਲ ਸੀਰੀਆ ਵਿਚ ਜਾਰੀ ਗ੍ਰਹਿ ਯੁੱਧ ਵਿਚ ਆਪਸੀ ਹਿੱਤ ਵੀ ਸ਼ਾਮਲ ਹਨ, ਜਿਸ ਨੂੰ ਲੈ ਕੇ ਚਰਚਾ ਹੋਵੇਗੀ। ਜ਼ਿਕਰਯੋਗ ਹੈ ਕਿ ਸੀਰੀਆ ਵਿਚ ਇਜ਼ਰਾਇਲ ਅਤੇ ਰੂਸ ਦੋਵਾਂ ਦੀ ਫੌਜ ਹੈ, ਜਿਨ੍ਹਾਂ ਵਿਚਕਾਰ ਸੰਘਰਸ਼ ਤੋਂ ਬਚਣ ਨੂੰ ਲੈ ਕੇ ਵੀ ਗੱਲ ਹੋਵੇਗੀ। ਦੋਵੇਂ ਨੇਤਾ ਆਖਰੀ ਵਾਰ ਮਈ ਵਿਚ ਮਾਸਕੋ ਵਿਚ ਮਿਲੇ ਸਨ। ਸੀਰੀਆ ਵਿਚ ਇਰਾਨ ਦੀ ਵਧਦੀ ਹੋਈ ਫੌਜੀ ਮੌਜੂਦਗੀ ਨੂੰ ਲੈ ਕੇ ਇਜ਼ਰਾਇਲ ਚਿੰਤਤ ਹੈ, ਇਸ ਲਈ ਉਹ ਇਰਾਨੀ ਫੌਜ ਦੇ ਟਿਕਾਣਿਆਂ ‘ਤੇ ਹਮਲੇ ਕਰਦਾ ਹੈ। ਸਾਲ 2015 ਵਿਚ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਵੱਲੋਂ ਸੀਰੀਆਈ ਗ੍ਰਹਿ ਯੁੱਧ ਵਿਚ ਦਖਲਅੰਦਾਜ਼ੀ ਕਰਨ ਤੋਂ ਬਾਅਦ, ਰੂਸ ਨੇ ਇਰਾਨੀ ਅਤੇ ਹਿਜਬੁੱਲਾ ਸਮਰਥਕਾਂ ‘ਤੇ ਇਜ਼ਰਾਇਲੀ ਹਮਲੇ ਨੂੰ ਨਜ਼ਰਅੰਦਾਜ਼ ਕੀਤਾ ਹੈ। ਪੁਤਿਨ ਅਤੇ ਨੇਤਨਯਾਹੂ ਵਿਚਕਾਰ ਪਿਛਲੇ ਮਹੀਨੇ ਫੋਨ ‘ਤੇ ਗੱਲਬਾਤ ਹੋਈ ਸੀ, ਜਿਸ ਵਿਚ ਦੋਵੇਂ ਨੇਤਾ ਸੀਰੀਆ ਦੇ ਮੁੱਦੇ ਨੂੰ ਲੈ ਕੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ‘ਤੇ ਸਹਿਮਤ ਹੋਏ ਅਤੇ ਇਸ ਤੋਂ ਇਲਾਵਾ ਦੋਵਾਂ ਨੇਤਾਵਾਂ ਨੇ ਸੀਰੀਆਈ-ਇਜ਼ਰਾਇਲ ਸਰਹੱਦੀ ਖੇਤਰ ਵਿਚ ਸੁਰੱਖਿਆ ਯਕੀਨੀ ਕਰਨ ਲਈ ਸੰਯੁਕਤ ਕੋਸ਼ਿਸ਼ਾਂ ‘ਤੇ ਵੀ ਚਰਚਾ ਕੀਤੀ।