ਮਿਸੀਸਾਗਾ ‘ਚ ਘਰ ਨੂੰ ਲੱਗੀ ਅੱਗ, ਬਜ਼ੁਰਗ ਜੋੜੇ ਦੀ ਮੌਤ

ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਐਤਵਾਰ ਦੀ ਸ਼ਾਮ ਨੂੰ ਇਕ ਘਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਘਰ ‘ਚ ਮੌਜੂਦ ਬਜ਼ੁਰਗ ਜੋੜੇ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ 50 ਤੋਂ 65 ਸਾਲ ਦੇ ਦਰਮਿਆਨ ਹੈ। ਮਿਸੀਸਾਗਾ ਫਾਇਰ ਅਤੇ ਐਮਰਜੈਂਸੀ ਅਧਿਕਾਰੀਆਂ ਨੂੰ ਐਤਵਾਰ ਦੀ ਸ਼ਾਮ ਨੂੰ 7.35 ਵਜੇ ਘਟਨਾ ਦੀ ਸੂਚਨਾ ਮਿਲੀ। ਫਾਇਰ ਫਾਈਟਰਾਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਪਰ ਚੰਗੀ ਗੱਲ ਇਹ ਹੈ ਕਿ ਕਿਸੇ ਹੋਰ ਘਰ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਾਊਥ ਮਿਲਵੇਅ ਨੇੜੇ ਬਰਨਹੇਮਥੋਰਪ ਰੋਡ ‘ਤੇ ਸਥਿਤ ਘਰ ਨੂੰ ਲੱਗੀ।
ਮਿਸੀਸਾਗਾ ਫਾਇਰ ਮੁਖੀ ਨੇ ਦੱਸਿਆ ਕਿ ਜਦੋਂ ਉਹ ਘਟਨਾ ਵਾਲੀ ਥਾਂ ‘ਤੇ ਪੁੱਜੇ ਤਾਂ ਵਿਅਕਤੀ ਮ੍ਰਿਤਕ ਪਿਆ ਸੀ, ਜਦ ਕਿ ਔਰਤ ਗੰਭੀਰ ਰੂਪ ਨਾਲ ਝੁਲਸ ਗਈ ਸੀ ਅਤੇ ਉਸ ਨੂੰ ਤੰਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾਲ ਝੱਲਦੇ ਹੋਏ ਉਸ ਦੀ ਮੌਤ ਹੋ ਗਈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਘਰ ਅੰਦਰ ਗੈਰਾਜ ਤੋਂ ਸ਼ੁਰੂ ਹੋਈ ਅਤੇ ਤੁਰੰਤ ਹੀ ਪੂਰੇ ਘਰ ‘ਚ ਫੈਲ ਗਈ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਫਾਈਟਰ ਜਾਂਚ ‘ਚ ਜੁੱਟੇ ਹੋਏ ਹਨ।