ਮੁਕੇਸ਼ ਅੰਬਾਨੀ ਲਗਾਤਾਰ 10ਵੇਂ ਸਾਲ ਭਾਰਤ ਦੇ ਸੱਭ ਤੋਂ ਅਮੀਰ ਵਿਅਕਤੀ

ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਲਗਾਤਾਰ 10ਵੇਂ ਸਾਲ ਭਾਰਤ ਦੇ ਸੱਭ ਤੋਂ ਅਮੀਰ ਵਿਅਕਤੀ ਬਣ ਕੇ ਉਭਰੇ ਹਨ। ਉਨ੍ਹਾਂ ਦੀ ਕੁਲ ਜਾਇਦਾਦ ਵੱਧ ਕੇ 38 ਅਰਬ ਡਾਲਰ ਯਾਨੀ ਕਿ 2.5 ਲੱਖ ਕਰੋੜ ਰੁਪਏ ਹੋ ਗਈ ਹੈ। ਆਰਥਕ ਸੁਸਤੀ ਤੋਂ ਬਾਅਦ ਵੀ ਸਿਖਰਲੇ 100 ਅਮੀਰ ਲੋਕਾਂ ਦੀ ਜਾਇਦਾਦ ‘ਚ 26 ਫ਼ੀ ਸਦੀ ਵਾਧਾ ਹੋਇਆ ਹੈਅਮੀਰਾਂ ਦੀ ਜਾਇਦਾਦ ਮਾਪਣ ਵਾਲੇ ਰਸਾਲੇ ਫ਼ੋਰਬਸ ਦੀ ਸਾਲਾਨਾ ਸੂਚੀ ‘ਇੰਡੀਆ ਰਿਚ ਲਿਸਟ 2017’ ‘ਚ ਇਹ ਜਾਣਕਾਰੀ ਦਿਤੀ ਗਈ ਹੈ। ਰਸਾਲੇ ਅਨੁਸਾਰ ਦੇਸ਼ ਦੀ ਤੀਜੀ ਵੱਡੀ ਸਾਫ਼ਟਵੇਅਰ ਕੰਪਨੀ ਵਿਪਰੋ ਦੇ ਅਜ਼ੀਮ ਪ੍ਰੇਮਜੀ 19 ਅਰਬ ਡਾਲਰ ਦੇ ਨੈੱਟਵਰਥ ਨਾਲ ਦੂਜੇ ਸਥਾਨ ਉਤੇ ਕਾਬਜ਼ ਹੋਏ ਹਨ। ਉਹ ਪਿਛਲੇ ਸਾਲ ਦੇ ਮੁਕਾਬਲੇ ਦੋ ਪੌੜੀਆਂ ਉੱਪਰ ਚੜ੍ਹੇ ਹਨ। ਦਵਾਈਆਂ ਬਣਾਉਣ ਕੰਪਨੀ ਸਨ ਫ਼ਾਰਮਾ ਦੇ ਦਿਲੀਪ ਸਾਂਘਵੀ 12.1 ਅਰਬ ਡਾਲਰ ਦੀ ਜਾਇਦਾਦ ਨਾਲ 9ਵੇਂ ਸਥਾਨ ‘ਤੇ ਹਨ। ਉਹ ਪਿਛਲੇ ਸਾਲ ਦੂਜੇ ਨੰਬਰ ‘ਤੇ ਸਨ। ਫ਼ੋਰਬਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਆਰਥਕ ਪ੍ਰਯੋਗਾਂ’ ਦਾ ਭਾਰਤ ਦੇ ਅਰਬਪਤੀਆਂ ਉਤੇ ਨਾਂਮਾਤਰ ਅਸਰ ਪਿਆ ਹੈ। ਪਿਛਲੇ ਇਕ ਸਾਲ ਦੌਰਾਨ ਮੁਕੇਸ਼ ਅੰਬਾਨੀ ਦੀ ਜਾਇਦਾਦ ‘ਚ 15.3 ਅਰਬ ਡਾਲਰ ਯਾਨੀ ਕਿ 67 ਫ਼ੀ ਸਦੀ ਵਾਧਾ ਹੋਇਆ ਹੈ। ਇਸ ਤਰ੍ਹਾਂ ਉਹ ਸਿਖਰ ‘ਤੇ ਅਪਣੀ ਪਕੜ ਮਜ਼ਬੂਤ ਕਰਨ ਦੇ ਨਾਲ ਹੀ ਏਸ਼ੀਆ ਦੇ ਸਿਖਰਲੇ ਪੰਜ ਅਮੀਰਾਂ ‘ਚ ਸ਼ਾਮਲ ਹੋਣ ‘ਚ ਸਫ਼ਲ ਰਹੇ।ਮੁਕੇਸ਼ ਅੰਬਾਨੀ ਦੇ ਭਰਾ ਅਨਿਲ ਅੰਬਾਨੀ ਅਮੀਰਾਂ ਦੀ ਸੂਚੀ ‘ਚ ਕਾਫ਼ੀ ਹੇਠਾਂ 45ਵੇਂ ਸਥਾਨ ‘ਤੇ ਰਹੇ। ਉਨ੍ਹਾਂ ਦੀ ਜਾਇਦਾਦ 3.15 ਅਰਬ ਡਾਲਰ ਹੈ। ਪਿਛਲੇ ਸਾਲ ਉਹ 32ਵੇਂ ਅਤੇ 2015 ‘ਚ 29ਵੇਂ ਸਥਾਨ ‘ਤੇ ਰਹੇ ਸਨ।ਬਾਬਾ ਰਾਮਦੇਵ ਦੇ ਕਰੀਬੀ ਸਹਿਯੋਗੀ ਵਜੋਂ ਜਾਣੇ ਜਾਂਦੇ ਪਤੰਜਲੀ ਆਯੁਰਵੇਦ ਦੇ ਆਚਾਰੀਆ ਬਾਲਕ੍ਰਿਸ਼ਨ ਲੰਮੀ ਛਾਲ ਮਾਰ ਕੇ 6.55 ਅਰਬ ਡਾਲਰ ਯਾਨੀ ਕਿ 43 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਨਾਲ 19ਵੇਂ ਸਥਾਨ ‘ਤੇ ਪਹੁੰਚ ਗਏ ਹਨ। ਪਿਛਲੇ ਸਾਲ ਉਹ 48ਵੇਂ ਸਥਾਨ ‘ਤੇ ਰਹੇ ਸਨ।

Be the first to comment

Leave a Reply