
ਬੈਂਗਲੁਰੂ— ਇਕ ਪਾਸੇ ਜਿਥੇ ਸੁਪਰੀਮ ਕੋਰਟ ‘ਚ ਅਯੁੱਧਿਆ ਮਾਮਲੇ ਦੀ ਸੁਣਵਾਈ ਹੋ ਰਹੀ ਹੈ, ਓਧਰ ਦੂਜੇ ਪਾਸੇ ਮਾਮਲੇ ਨੂੰ ਅਦਾਲਤ ਤੋਂ ਬਾਹਰ ਹੱਲ ਕਰਨ ‘ਤੇ ਮੰਥਨ ਜਾਰੀ ਹੈ। ਮੁਸਲਿਮ ਸਮਾਜ ਦੇ ਇਕ ਵਫਦ ਨੇ ਅਯੁੱਧਿਆ ਮਾਮਲੇ ਦੇ ਸਬੰਧ ਵਿਚ ਸ਼੍ਰੀ ਸ਼੍ਰੀ ਰਵੀਸ਼ੰਕਰ ਨਾਲ ਮੁਲਾਕਾਤ ਕੀਤੀ। ਬੈਂਗਲੁਰੂ ਵਿਚ ਹੋਈ ਮੁਲਾਕਾਤ ‘ਚ ਮੁਸਲਿਮ ਸਮਾਜ ਦੇ 6 ਆਗੂਆਂ ਅਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਵਿਚਾਲੇ ਲਗਭਗ 3-4 ਘੰਟੇ ਚਰਚਾ ਹੋਈ। ਬੈਠਕ ਦੇ ਮਗਰੋਂ ਮੁਸਲਿਮ ਸਮਾਜ ਦੇ ਵਫਦ ‘ਚ ਗਏ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਆਗੂ ਸਲਮਾਨ ਨਦਵੀ ਨੇ ਦੱਸਿਆ ਕਿ ਰਾਮ ਮੰਦਰ ਅਤੇ ਬਾਬਰੀ ਮਸਜਿਦ ਮਸਲੇ ਨੂੰ ਹੱਲ ਕਰਨ ਲਈ ਅਸੀਂ ਸ਼੍ਰੀ ਸ਼੍ਰੀ ਰਵੀਸ਼ੰਕਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਪਿਆਰ ਅਤੇ ਸਨਮਾਨ ਨਾਲ ਹੱਲ ਕਰਨ ਦਾ ਰਸਤਾ ਲੱਭ ਰਹੇ ਹਾਂ, ਜਿਸ ਦਾ ਸੰਦੇਸ਼ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੇ। ਸਾਡੀ ਪਹਿਲਕਦਮੀ ਲੋਕਾਂ ਦੇ ਦਿਲ ਜੋੜਨ ਦੀ ਹੈ। ਸਲਮਾਨ ਨਦਵੀ ਨੇ ਕਿਹਾ ਕਿ ਅਦਾਲਤ ਦਾ ਜੋ ਵੀ ਫੈਸਲਾ ਹੋਵੇਗਾ ਉਹ ਸੰਵਿਧਾਨਿਕ ਹੋਵੇਗਾ। ਇਹ ਫੈਸਲਾ ਲੋਕਾਂ ਦੇ ਦਿਲਾਂ ਦੇ ਗਿਲੇ-ਸ਼ਿਕਵੇ ਨਹੀਂ ਮਿਟਾਏਗਾ। ਅਦਾਲਤ ਦਾ ਹੁਕਮ ਕਿਸੇ ਇਕ ਧਿਰ ਦੇ ਪੱਖ ਵਿਚ ਆਵੇਗਾ ਤਾਂ ਦੂਸਰੀ ਇਸ ਤੋਂ ਨਾਰਾਜ਼ ਹੋ ਜਾਵੇਗੀ। ਅਸੀਂ ਚਾਹੁੰਦੇ ਹਾਂ ਕਿ ਜਦੋਂ ਦੋਵੇਂ ਧਿਰਾਂ ਫੈਸਲੇ ਮਗਰੋਂ ਅਦਾਲਤ ‘ਚੋਂ ਬਾਹਰ ਆਉਣ ਤਾਂ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਹੋਵੇ। ਓਧਰ ਰਵੀਸ਼ੰਕਰ ਦੇ ਬੁਲਾਰੇ ਰਾਕੇਸ਼ ਗੌਤਮ ਨੇ ਕਿਹਾ ਕਿ ਬੈਠਕ ਵਿਚ ਬੈਂਗਲੁਰੂ ਦੇ ਕੁਝ ਸੰਗਠਨ ਵੀ ਸ਼ਾਮਲ ਹੋਏ ਸਨ। ਕੁਲ 16 ਸੰਗਠਨਾਂ ਨੇ ਇਸ ਬੈਠਕ ਵਿਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ਮਕਸਦ ਹੈ ਕਿ ਇਸ ਮਾਮਲੇ ਦਾ ਨਿਪਟਾਰਾ ਜਲਦੀ ਤੋਂ ਜਲਦੀ ਕੀਤਾ ਜਾਵੇ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਨਦਵੀ ਦਾ ਫਾਰਮੂਲਾ ਕੀਤਾ ਖਾਰਿਜ : ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੀ ਬੈਠਕ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ‘ਤੇ ਮੌਲਾਨਾ ਸਲਮਾਨ ਨਦਵੀ ਦੇ ਫਾਰਮੂਲੇ ਨੂੰ ਖਾਰਿਜ ਕਰ ਦਿੱਤਾ ਗਿਆ ਹੈ। ਦੇਰ ਰਾਤ ਖਤਮ ਹੋਈ ਬੈਠਕ ਤੋਂ ਬਾਅਦ ਬੋਰਡ ਨੇ ਪ੍ਰੈੱਸ ਕਾਨਫਰੰਸ ਕਰ ਕੇ ਇਸਦਾ ਐਲਾਨ ਕੀਤਾ। ਬੋਰਡ ਵਲੋਂ ਕਿਹਾ ਗਿਆ ਕਿ ਮੁਸਲਮਾਨਾਂ ਨੇ ਗੱਲਬਾਤ ਦੇ ਜ਼ਰੀਏ ਮਸਲੇ ਨੂੰ ਹੱਲ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਹ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਦਾ ਇਕ ਹੀ ਜਵਾਬ ਰਿਹਾ ਕਿ ਮੁਸਲਮਾਨ ਮਸਜਿਦ ‘ਤੇ ਦਾਅਵੇਦਾਰੀ ਛੱਡ ਦੇਣ ਪਰ ਸ਼ਰੀਅਤ ਦੇ ਹਿਸਾਬ ਨਾਲ ਸਾਨੂੰ ਇਹ ਮਨਜ਼ੂਰ ਨਹੀਂ ਹੈ। ਮੁਸਲਿਮ ਪਰਸਨਲ ਲਾਅ ਬੋਰਡ 1993 ਦੇ ਫੈਸਲੇ ‘ਤੇ ਕਾਇਮ ਰਹੇਗਾ। ਸ਼ਰੀਅਤ ਮੁਤਾਬਕ ਮਸਜਿਦ ਦੀ ਜ਼ਮੀਨ ਨਾ ਕਿਸੇ ਨੂੰ ਵੇਚੀ ਜਾ ਸਕਦੀ ਹੈ ਤੇ ਨਾ ਹੀ ਕਿਸੇ ਨੂੰ ਗਿਫਟ ਕੀਤੀ ਜਾ ਸਕਦੀ ਹੈ। ਹੁਣ ਮਾਮਲਾ ਸੁਪਰੀਮ ਕੋਰਟ ਵਿਚ ਹੈ, ਇਸ ਲਈ ਅਦਾਲਤ ਦਾ ਜੋ ਫੈਸਲਾ ਆਵੇਗਾ, ਉਹ ਸਾਨੂੰ ਮਨਜ਼ੂਰ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਸਲਮਾਨ ਨਦਵੀ ਨੂੰ ਆਲ ਇੰਡੀਆ ਪਰਸਨਲ ਲਾਅ ਬੋਰਡ ਤੋਂ ਬਾਹਰ ਕੀਤਾ ਜਾ ਸਕਦਾ ਹੈ।
Leave a Reply
You must be logged in to post a comment.