ਮੁਸਲਿਮ ਸਮਾਜ ਵਿੱਚ ਤਲਾਕ ਦੀ ਦਰ ਸਭ ਤੋਂ ਘੱਟ: ਆਰਿਫ਼ੂਦੀਨ

ਮਾਲੇਰਕੋਟਲਾ – ਮੁਸਲਿਮ ਪਰਸਨਲ ਲਾਅ ਭਾਵੇਂ ਦੇਸ਼ ਦੇ ਸੰਵਿਧਾਨ ਦਾ ਹਿੱਸਾ ਹੈ ਅਤੇ ਇਸ ਦੀ ਸੁਰੱਖਿਆ ਦੀ ਗਾਰੰਟੀ ਵੀ ਸੰਵਿਧਾਨ ਘਾੜਿਆਂ ਵੱਲੋਂ ਸੰਵਿਧਾਨ ਕਮੇਟੀ ਦੇ ਮੁਸਲਿਮ ਮੈਂਬਰਾਂ ਨੂੰ ਦਿੱਤੀ ਗਈ ਸੀ ਪਰ ਮਾੜੀ ਭਾਵਨਾ ਅਧੀਨ ਹਮੇਸ਼ਾਂ ਹੀ ਵੱਖੋ-ਵੱਖ ਸਮਿਆਂ ਦੀਆਂ ਹਕੂਮਤਾਂ ਵੱਲੋਂ ਇਸ ਦੇ ਵਿਰੁੱਧ ਸਾਜ਼ਿਸ਼ਾਂ ਹੁੰਦੀਆਂ ਰਹੀਆਂ ਹਨ। ਇਹ ਗੱਲ ਸਥਾਨਕ ਸਾਗਰ ਪੈਲੇਸ ਵਿਖੇ ਜਮਾਅਤ ਇਸਲਾਮੀ ਹਿੰਦ ਵੱਲੋਂ ਕਰਵਾਏ ਇੱਕ ਜਨਤਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਇਸ ਦੇ ਕੌਮੀ ਸਕੱਤਰ ਖ਼ਵਾਜਾ ਆਰਿਫ਼ੂਦੀਨ ਨੇ ਕਹੀ। ਉਨ੍ਹਾਂ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਵਸਨੀਕ ਮੁਸਲਿਮ ਸਮਾਜਾਂ ਵਿੱਚ ਤਲਾਕ ਦੀ ਦਰ ਬਾਕੀ ਵਰਗਾਂ ਦੇ ਮੁਕਾਬਲੇ ਸਭ ਤੋਂ ਘੱਟ ਹੋਣ ਦਾ ਦਾਅਵਾ ਕਰਦਿਆਂ ਦੋਸ਼ ਲਾਇਆ ਕਿ ਅਜੋਕੇ ਮੁਸਲਿਮ ਸਮਾਜ ਵਿੱਚ ਅਸਲ ਸਮੱਸਿਆ ਤਲਾਕ ਦੇਣ ਦੇ ਢੰਗ ਬਾਰੇ ਨਹੀਂ ਸਗੋਂ ਵੱਧ ਰਹੇ ਰਸਮੋ-ਰਿਵਾਜ਼ ਸਮਾਜ ਲਈ ਵੱਡਾ ਚੈਲੰਜ ਬਣਦੇ ਜਾ ਰਹੇ ਹਨ। ਉਨ੍ਹਾਂ ਵਿਆਹ ਮੌਕੇ ਵੱਧ ਰਹੀ ਰਹੀ ਫ਼ਜ਼ੂਲ ਖ਼ਰਚੀ, ਨਾਚ ਗਾਣੇ, ਅਸ਼ਲੀਲਤਾ ਅਤੇ ਦਾਜ ਦੇ ਲੈਣ-ਦੇਣ ਨੂੰ ਗ਼ੈਰ ਇਸਲਾਮੀ ਕਹਿੰਦਿਆਂ ਚਿਤਾਵਨੀ ਦਿੱਤੀ ਕਿ ਇਨ੍ਹਾਂ ਤੋਂ ਮੁਕਤੀ ਪਾਏ ਬਿਨਾਂ ਮੁਸਲਿਮ ਸਮਾਜ ਆਪਣੇ ਅਕਸ ਦਾ ਸੁਧਾਰ ਨਹੀਂ ਸਕਦਾ। ਉਨ੍ਹਾਂ ਵਧੇਰੇ ਧਰਮ ਪ੍ਰਚਾਰ ਅਤੇ ਮੁਸਲਿਮ ਪਰਸਨਲ ਲਾਅ ਅਧੀਨ ਔਰਤਾਂ ਨੂੰ ਵਿਰਾਸਤ ਵਿੱਚੋਂ ਹਿੱਸਾ ਦਿੱਤੇ ਜਾਣ ਦੀ ਵੀ ਅਪੀਲ ਕੀਤੀ। ਇਸ ਤੋਂ ਪਹਿਲਾਂ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਮੈਂਬਰ ਮੁਫ਼ਤੀ ਫ਼ਜ਼ਲੁਰ ਰਹਿਮਾਨ ਉਸਮਾਨੀ ਨੇ ਦਾਅਵਾ ਕੀਤਾ ਕਿ ਨਿੱਜੀ ਜੀਵਨ ਨਾਲ ਸਬੰਧਤ ਇਹ ਇਸਲਾਮੀ ਕਾਨੂੰਨ ਲੰਮੇ ਸਮੇਂ ਤੋਂ ਮੁਸਲਿਮ ਸਮਾਜ ਨੂੰ ਨਿਆਂ ਭਰਪੂਰ ਢੰਗ ਨਾਲ ਇੱਕਜੁੱਟ ਰੱਖੇ ਹੋਏ ਹਨ ਜਦਕਿ ਇਸ ਦੌਰਾਨ ਸੰਸਾਰ ਦੇ ਦੂਜੇ ਬਹੁਤੇ ਕਾਨੂੰਨਾਂ ਵਿੱਚ ਅਣਗਿਣਤ ਤਬਦੀਲੀਆਂ ਦੇ ਬਾਵਜੂਦ ਨਾ ਤਾਂ ਇਹ ਸਮਾਜ ਸੰਗਠਿਤ ਰਹਿ ਸਕੇ ਹਨ ਅਤੇ ਨਾ ਹੀ ਮਨੁੱਖੀ ਸਮੱਸਿਆਵਾਂ ਹੀ ਨਿਆਂ ਭਰਪੂਰ ਢੰਗ ਨਾਲ ਹੱਲ ਹੋਈਆਂ ਹਨ। ਜਨਾਬ ਅਬਦੁਸ ਸ਼ਕੂਰ ਨੇ ਦੱਸਿਆ ਕਿ ਆਜ਼ਾਦੀ ਮਗਰੋਂ ਜਮਾਅਤ-ਏ-ਹਿੰਦ ਜਿੱਥੇ ਇਸਲਾਮ ਨੂੰ ਮਨੁੱਖੀ ਸਮੱਸਿਆਵਾਂ ਦੇ ਬਿਹਤਰੀਨ ਹੱਲ ਵਜੋਂ ਪੇਸ਼ ਕਰਨ ਲਈ ਯਤਨਸ਼ੀਲ ਰਹੀ ਹੈ ਤਾਂ ਇਹ ਸਮਾਰੋਹ ਵੀ ਜਮਾਅਤ ਵੱਲੋਂ ਦੇਸ਼ ਭਰ ਵਿੱਚ ਚਲਾਈ ਜਾ ਰਹੀ ਪੰਦਰਾਂ ਰੋਜ਼ਾ ਵਿਸ਼ੇਸ਼ ‘ਮੁਸਲਿਮ ਪਰਸਨਲ ਲਾਅ ਜਾਗ੍ਰਿਤੀ ਮੁਹਿੰਮ’ ਦਾ ਹੀ ਇੱਕ ਹਿੱਸਾ ਹੈ। ਸਮਾਰੋਹ ਨੂੰ ਸੰਬੋਧਨ ਕਰਨ ਵਾਲੇ ਹੋਰ ਪਤਵੰਤਿਆਂ ਵਿੱਚ ਜਨਾਬ ਜ਼ਿੱਲੁਰ ਰਹਿਮਾਨ, ਮੁਹੰਮਦ ਨਜ਼ੀਰ, ਜ਼ਹੂਰ ਅਹਿਮਦ ਜ਼ਹੂਰ ਅਤੇ ਮਾਸਟਰ ਅਬਦੁਲ ਹਮੀਦ ਸ਼ਾਮਲ ਸਨ।

Be the first to comment

Leave a Reply