ਮੁੰਡਿਆਂ ਨਾਲੋਂ ਕੁੜੀਆਂ ਨੇ ਕ੍ਰਿਕਟ ‘ਚ ਬਣਾਏ ਵੱਧ ਰਿਕਾਰਡ

ਚੰਡੀਗੜ੍ਹ: ਬੀਤੇ ਕੱਲ੍ਹ ਨੂੰ ਭਾਰਤੀ ਕ੍ਰਿਕਟ ਲਈ ਚੰਗਾ ਦਿਨ ਕਿਹਾ ਜਾ ਸਕਦਾ ਹੈ। ਇਸ ਦਾ ਕਾਰਨ ਹੈ ਬੀਤੇ ਕੱਲ੍ਹ ਭਾਰਤੀ ਕ੍ਰਿਕਟਰਾਂ ਵੱਲੋਂ ਬਣਾਏ ਕਈ ਰਿਕਾਰਡ। ਇਹ ਸਿਰਫ ਪੁਰਸ਼ ਕ੍ਰਿਕਟਰਾਂ ਨੇ ਹੀ ਨਹੀਂ ਬਲਕਿ ਮਹਿਲਾ ਕ੍ਰਿਕਟਰਾਂ ਨੇ ਵੀ ਬਣਾਏ ਹਨ। ਭਾਰਤੀ ਮੁਟਿਆਰਾਂ ਨੇ ਦੱਖਣੀ ਅਫਰੀਕਾ ਤੋਂ ਤਿੰਨ ਇੱਕ ਦਿਨਾ ਮੈਚਾਂ ਦੀ ਲੜੀ 2-0 ਦੇ ਫਰਕ ਨਾਲ ਜਿੱਤ ਲਈ ਹੈ। ਕੁੜੀਆਂ ਦਾ ਇਹ ਚੰਗਾ ਪ੍ਰਦਰਸ਼ਨ ਪੁਰਸ਼ ਟੀਮ ਦੀ ਜਿੱਤ ਵਿੱਚ ਹੀ ਲੁਕਿਆ ਰਹਿ ਗਿਆ। ਇੱਥੇ ਤੁਸੀਂ ਦੋਵਾਂ ਟੀਮਾਂ ਦੇ ਖਿਡਾਰੀਆਂ ਵੱਲੋਂ ਬਣਾਏ ਕੁਝ ਰਿਕਾਰਡਾਂ ਬਾਰੇ ਪੜ੍ਹ ਸਕਦੇ ਹੋ। ਭਾਰਤ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੁਨੀਆ ਦੀ ਪਹਿਲੀ ਮਹਿਲਾ ਗੇਂਦਬਾਜ਼ ਬਣੀ ਹੈ ਜਿਸ ਨੇ ਆਪਣੇ ਇੱਕ ਦਿਨਾ ਕਰੀਅਰ ਵਿੱਚ 200 ਵਿਕਟਾਂ ਹਾਸਲ ਕੀਤੀਆਂ ਹਨ। ਝੂਲਨ ਨੇ ਇਹ ਕਾਰਨਾਮਾ ਬੁੱਧਵਾਰ ਨੂੰ ਦੱਖਣੀ ਅਫਰੀਕਾ ਨਾਲ ਹੋਏ ਆਪਣੇ 166ਵੇਂ ਇੱਕ ਦਿਨਾ ਮੈਚ ਵਿੱਚ ਪੂਰਾ ਕੀਤਾ। ਉਹ ਬੀਤੇ ਸਾਲ ਮਈ ਵਿੱਚ ਹੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਮਹਿਲਾ ਗੇਂਦਬਾਜ਼ ਬਣ ਗਈ ਸੀ। ਉਦੋਂ ਉਸ ਨੇ ਆਸਟ੍ਰੇਲੀਆ ਦੀ ਗੇਂਦਬਾਜ਼ ਕੈਥਰਿਨ ਫਿਟਜ਼ਪੈਟ੍ਰਿਕ ਦਾ 180 ਵਿਕਟਾਂ ਦਾ ਰਿਕਾਰਡ ਤੋੜਿਆ ਸੀ। ਸਮ੍ਰਿਤੀ ਮੰਧਾਨਾ ਨੇ 129 ਗੇਂਦਾਂ ਵਿੱਚ 135 ਦੌੜਾਂ ਬਣਾ ਕੇ ਆਪਣੇ ਕਰੀਅਰ ਦਾ ਤੀਜਾ ਸੈਂਕੜਾ ਪੂਰਾ ਕਰ ਲਿਆ ਹੈ। ਮੰਧਾਨਾ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਬੱਲੇਬਾਜ਼ ਬਣ ਗਈ ਹੈ। ਬੁੱਧਵਾਰ ਨੂੰ ਕਿੰਬਰਲੇਅ ਵਿੱਚ ਦੱਖਣੀ ਅਫਰੀਕਾ ਵਿਰੁੱਧ ਖੇਡੇ ਮੈਚ ਨੂੰ ਭਾਰਤੀ ਕੁੜੀਆਂ 178 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਸੀ। ਮੰਧਾਨਾ ਨੇ ਤਿੰਨੇ ਸੈਂਕੜੇ ਭਾਰਤ ਤੋਂ ਬਾਹਰ ਹੀ ਜੜੇ ਹਨ। ਇਸ ਤੋਂ ਪਹਿਲਾਂ ਉਸ ਨੇ ਆਸਟ੍ਰੇਲੀਆ ਤੇ ਇੰਗਲੈਂਡ ਵਿੱਚ ਸੈਂਕੜੇ ਲਾਏ ਸੀ। ਉਹ ਦੱਖਣੀ ਅਫਰੀਕਾ ਦੀ ਟੀਮ ਵਿਰੁੱਧ ਸੈਂਕੜਾ ਲਾਉਣ ਵਾਲੀ ਪਹਿਲੀ ਭਾਰਤੀ ਬੱਲੇਬਾਜ਼ ਹੈ।

Be the first to comment

Leave a Reply

Your email address will not be published.


*