ਮੁੰਬਈ ‘ਚ 117 ਸਾਲ ਪੁਰਾਣੀ ਇਮਾਰਤ ਡਿੱਗੀ, 21 ਲੋਕ ਮਰੇ

ਮੁੰਬਈ – ਦਖਣੀ ਮੁੰਬਈ ਦੇ ਭਿੰਡੀ ਬਾਜ਼ਾਰ ‘ਚ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਪੰਜ ਮੰਜ਼ਿਲਾ ਇਕ ਇਮਾਰਤ ਅੱਜ ਡਿੱਗ ਜਾਣ ਕਰ ਕੇ ਘੱਟ ਤੋਂ ਘੱਟ 21 ਲੋਕ ਮਾਰੇ ਗਏ ਅਤੇ 12 ਜ਼ਖ਼ਮੀ ਹੋ ਗਏ। ਘਟਨਾ ਦੀ ਜਾਂਚ ਦੇ ਹੁਕਮ ਦੇ ਦਿਤੇ ਗਏ ਹਨ। ਬਚਾਅ ਟੀਮਾਂ ਭਾਰੀ ਮਸ਼ੀਨਰੀ ਨਾਲ ਹਾਦਸੇ ‘ਚ ਜਿਊਂਦੇ ਬਚੇ ਲੋਕਾਂ ਦੀ ਭਾਲ ‘ਚ ਲੱਗੀ ਹੋਈ ਹੈ। ਕੰਕਰੀਟ ਅਤੇ ਲੋਹੇ ਦੀਆਂ ਟੁੱਟੀਆਂ-ਮੁੜੀਆਂ ਛੜਾਂ ਅੰਦਰ ਲਗਭਗ 30 ਹੋਰ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਹੈ। ਲਾਸ਼ਾਂ ਦੀ ਸ਼ਨਾਖਤ ਦੀ ਪ੍ਰਕਿਰਿਆ ਚਲ ਰਹੀ ਹੈ। ਹਾਦਸੇ ‘ਚ ਜ਼ਖ਼ਮੀ ਹੋਏ ਘੱਟ ਤੋਂ ਘੱਟ 12 ਲੋਕਾਂ ਨੂੰ ਸਟਰੈਚਰ ਉਤੇ ਰੱਖ ਕੇ ਐਂਬੂਲੈਂਸਾਂ ‘ਚ ਜੇ.ਜੇ. ਹਸਪਤਾਲ ਲਿਆਂਦਾ ਗਿਆ। ਭੀੜ ਕਰ ਕੇ ਤੰਗ ਸੜਕਾਂ ‘ਚੋਂ ਉਨ੍ਹਾਂ ਨੂੰ ਲੰਘਣ ‘ਚ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਚਾਅ ਮੁਹਿੰਮ ਦੌਰਾਨ ਪੰਜ ਅੱਗ ਬੁਝਾਊ ਮੁਲਾਜ਼ਮ ਅਤੇ ਇਕ ਐਨ.ਡੀ.ਆਰ.ਐਫ਼. ਜਵਾਨ ਵੀ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਵੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਸ ਖਸਤਾਹਾਲ ਇਮਾਰਤ ‘ਚ 9 ਪ੍ਰਵਾਰ ਰਹਿੰਦੇ ਸਨ। ਜੇ.ਜੇ. ਹਸਪਤਾਲ ਨੇੜੇ ਮੁਸਲਿਮ ਬਹੁਗਿਣਤੀ ਪਾਕਮੋਡੀਆ ਮਾਰਗ ਉਤੇ ਸਥਿਤ ਇਸ ਇਮਾਰਤ ‘ਚ ਰਹਿਣ ਵਾਲੇ ਜ਼ਿਆਦਾਤਰ ਪ੍ਰਵਾਰ ਹੇਠਲੇ-ਮੱਧ ਵਰਗ ਦੇ ਸਨ। ਮੀਡੀਆ ਦੀਆਂ ਕੁੱਝ ਖ਼ਬਰਾਂ ‘ਚ ਕਿਹਾ ਗਿਆ ਹੈ ਕਿ ਇਸ ਇਮਾਰਤ ‘ਚ ਇਕ ਛੋਟੇ ਬੱਚਿਆਂ ਦਾ ਸਕੂਲ ਵੀ ਚਲਦਾ ਸੀ ਪਰ ਹਾਦਸੇ ਵੇਲੇ ਬੱਚੇ ਨਹੀਂ ਪਹੁੰਚੇ ਸਨ। ਲਗਭਗ ਸਾਢੇ ਅੱਜ ਵਜੇ ਡਿੱਗੀ ਇਸ ਇਮਾਰਤ ਦੇ ਗਰਾਊਂਡ ਫ਼ਲੋਰ ‘ਚ ਛੇ ਗੋਦਾਮ ਸਨ। ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਤੇਜ਼ ਮੀਂਹ ਨਾਲ ਇਸ ਇਮਾਰਤ ਨੂੰ ਨੁਕਸਾਨ ਪੁੱਜਾ ਜਾਂ ਨਹੀਂ। ਸ਼ਹਿਰ ‘ਚ ਮੋਹਲੇਧਾਰ ਮੀਂਹ ਤੋਂ ਦੋ ਦਿਨ ਬਾਅਦ ਵਾਪਰੀ ਇਸ ਘਟਨਾ ਨੂੰ ਲੈ ਕੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਮੀਂਹ ਦੇ ਪਾਣੀ ਕਰ ਕੇ ਇਮਾਰਤ ਨੂੰ ਨੁਕਸਾਨ ਪੁੱਜਾ ਹੋਵੇਗਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ ਉਤੇ ਸਰਕਾਰ ਖ਼ਰਚ ਕਰੇਗੀ। ਜ਼ਿਕਰਯੋਗ ਹੈ ਕਿ ਘਾਟਕੋਪਰ ਇਲਾਕੇ ‘ਚ 25 ਜੁਲਾਈ ਨੂੰ ਇਕ ਰਿਹਾਇਸ਼ੀ ਇਮਾਰਤ ਦੇ ਡਿੱਗ ਜਾਣ ਤੋਂ ਲਗਭਗ ਇਕ ਮਹੀਨੇ ਬਾਅਦ ਸ਼ਹਿਰ ‘ਚ ਇਮਾਰਤ ਡਿੱਗਣ ਦੀ ਇਹ ਦੂਜੀ ਵੱਡੀ ਘਟਨਾ ਹੈ। ਉਸ ਘਟਨਾ ‘ਚ 17 ਜਣਿਆਂ ਦੀ ਮੌਤ ਹੋ ਗਈ ਸੀ।

Be the first to comment

Leave a Reply

Your email address will not be published.


*