ਮੁੰਬਈ ਹਮਲੇ ’ਚ ਅਨਾਥ ਹੋਏ ਇਸਰਾਇਲੀ ਬੱਚੇ ਮੋਸ਼ੇ ਨੂੰ ਮਿਲਣਗੇ ਪ੍ਰਧਾਨ ਮੰਤਰੀ ਮੋਦੀ

ਯੇਰੋਸ਼ਲਮ-ਇਸਰਾਇਲੀ ਬੱਚੇ ਮੋਸ਼ੇ ਹੋਲਜ਼ਬਰਗ, ਜਿਸ ਨੇ ਦੋ ਸਾਲ ਦੀ ਉਮਰ ਵਿੱਚ 2008 ਦੇ ਮੁੰਬਈ ਅਤਿਵਾਦੀ ਹਮਲੇ ਵਿੱਚ ਆਪਣੇ ਮਾਪੇ ਗੁਆ ਦਿੱਤੇ ਸਨ, ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਅਗਲੇ ਹਫ਼ਤੇ ਇਥੇ ਫੇਰੀ ਦੌਰਾਨ ਪ੍ਰਧਾਨ ਮੰਤਰੀ ਇਸ ਬੱਚੇ ਨੂੰ ਮਿਲਣਗੇ। ਸ੍ਰੀ ਮੋਦੀ ਦੇ ਮੋਸ਼ੇ, ਜੋ ਹੁਣ 10 ਸਾਲਾਂ ਦਾ ਹੋ ਗਿਆ ਹੈ, ਨੂੰ ਮਿਲਣ ਦੇ ਫ਼ੈਸਲੇ ਦਾ ਇਸ ਬੱਚੇ ਦੇ ਪਰਿਵਾਰ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਮਹਿਸੂਸ ਹੋਇਆ ਹੈ ਕਿ ਭਾਰਤੀ ਉਨ੍ਹਾਂ ਦੀ ਪੀੜ ਵੰਡਾਉਂਦੇ ਹਨ ਅਤੇ ਉਨ੍ਹਾਂ ਨੇ ਸਾਨੂੰ ਭੁਲਾਇਆ ਨਹੀਂ ਹੈ। ਪ੍ਰਧਾਨ ਮੰਤਰੀ ਵੱਲੋਂ ਮੋਸ਼ੇ ਦੀ ਭਾਰਤੀ ਨੈਨੀ ਸੈਂਡਰਾ ਸੈਮੂਅਲਜ਼, ਜੋ ਨਰੀਮਨ ਹਾਊਸ  ’ਤੇ ਅਤਿਵਾਦੀ ਹਮਲੇ ਸਮੇਂ ਮੋਸ਼ੇ ਨੂੰ ਲੈ ਕੇ ਨਿਕਲਣ ਵਿੱਚ ਕਾਮਯਾਬ ਹੋ ਗਈ ਸੀ, ਅਤੇ ਉਸ ਦੇ ਦਾਦੇ ਤੇ ਦਾਦੀ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਮੋਸ਼ੇ ਦੇ ਦਾਦੇ ਰੱਬੀ ਸ਼ਿਮੋਨ ਰੋਜ਼ਨਬਰਗ ਨੇ ਦੱਸਿਆ, ‘ਮੈਂ ਆਪਣੇ ਕੰਨਾਂ ’ਤੇ ਯਕੀਨ ਨਹੀਂ ਕਰ ਸਕਿਆ ਸੀ ਜਦੋਂ ਮੈਨੂੰ ਭਾਰਤੀ ਸਫ਼ੀਰ ਦਾ ਫੋਨ ਆਇਆ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ। ਮੇਰੇ ਦਿਮਾਗ ਵਿੱਚ ਤਰੁੰਤ ਖਿਆਲ ਆਇਆ ਕਿ ਉਹ ਸਾਨੂੰ ਭੁੱਲੇ ਨਹੀਂ ਹਨ ਅਤੇ ਭਾਰਤੀ ਸਾਡਾ ਦੁੱਖ ਵੰਡਾਉਂਦੇ ਹਨ।

Be the first to comment

Leave a Reply