ਮੁੱਖ ਮੰਤਰੀ ਨਿਤੀਸ਼ ਕੁਮਾਰ ‘ਮੁਫਤੀ ਮੁਹੰਮਦ ਸਈਦ ਸਮ੍ਰਿਤੀ ਪੁਰਸਕਾਰ’ ਨਾਲ ਸਨਮਾਨਿਤ

ਜੰਮੂ— ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸੋਮਵਾਰ ਇਥੇ ਆਯੋਜਿਤ ਇਕ ਸਰਕਾਰੀ ਪ੍ਰੋਗਰਾਮ ‘ਚ ਸਿਆਸਤ ਅਤੇ ਜਨਤਕ ਜ਼ਿੰਦਗੀ ‘ਚ ਸੱਚਾਈ ਅਤੇ ਵਫਾਦਾਰੀ ਲਈ ਪਹਿਲੇ ‘ਮੁਫਤੀ ਮੁਹੰਮਦ ਸਈਦ ਸਮ੍ਰਿਤੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਜੰਮੂ-ਕਸ਼ਮੀਰ ਦੇ ਰਾਜਪਾਲ ਐੱਨ. ਐੱਨ. ਵੋਹਰਾ ਨੇ ਜ਼ੋਰਾਵਰ ਸਿੰਘ ਆਡੀਟੋਰੀਅਮ ‘ਚ ਨਿਤੀਸ਼ ਕੁਮਾਰ ਨੂੰ ਇਕ ਸ਼ਾਲ ਅਤੇ ਰਵਾਇਤੀ ਫਰ ਵਾਲੀ ਟੋਪੀ ਦੇ ਕੇ ਸਨਮਾਨਿਤ ਕੀਤਾ ਗਿਆ। ਦੋ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਮੁਫਤੀ ਮੁਹੰਮਦ ਸਈਦ ਦੀ ਬਰਸੀ ‘ਤੇ ਪੀ. ਡੀ. ਪੀ. ਨੇ ਇਸ ਪੁਰਸਕਾਰ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਮਹਿਬੂਬਾ ਮੁਫਤੀ, ਭਾਰਤੀ ਮੂਲ ਦੇ ਬਰਤਾਨਵੀ ਨੇਤਾ ਲਾਰਡ ਮੇਘਨਾਦ ਦੇਸਾਈ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵੀ ਮੌਜੂਦ ਸਨ। ਪੁਰਸਕਾਰ ਹਾਸਲ ਕਰਨ ਪਿੱਛੋਂ ਨਿਤੀਸ਼ ਕੁਮਾਰ ਨੇ ਕਿਹਾ ਕਿ ਇਹ ਮੇਰੇ ਤੇ ਬਿਹਾਰ ਲਈ ਖੁਸ਼ੀ ਵਾਲੀ ਗੱਲ ਹੈ ਕਿ ਮੈਨੂੰ ਜੰਮੂ-ਕਸ਼ਮੀਰ ਸਰਕਾਰ ਵਲੋਂ ਸਨਮਾਨਿਤ ਕੀਤਾ ਗਿਆ ਹੈ। ਮੇਰਾ ਧਿਆਨ ਬਿਹਾਰ ‘ਚ ਵਿਕਾਸ, ਸ਼ਾਂਤੀ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਵੱਲ ਹੈ। ਉਨ੍ਹਾਂ ਕਿਹਾ ਕਿ ਮੰਦੇਭਾਗੀ ਕੁਝ ਨੇਤਾ ਸਰਕਾਰ ਦਾ ਹਿੱਸਾ ਬਣਨ ਪਿੱਛੋਂ ਲੋਕਾਂ ਦੀ ਸੇਵਾ ਕਰਨੀ ਭੁੱਲ ਜਾਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਸਿਆਸਤ ‘ਚ ਸਿਰਫ ਬਿਨਾਂ ਕੰਮ ਤੋਂ ਆਰਾਮ ਕਰਨ ਲਈ ਆਏ ਹਨ। ਨਿਤੀਸ਼ ਕੁਮਾਰ ਨੇ ਪਾਰਟੀ ਵਰਕਰਾਂ ਨੂੰ ਇਥੇ ਸੰਬੋਧਨ ਕਰਦਿਆਂ ਕਿਹਾ ਕਿ ਸਿਆਸਤ ਤੇ ਜਨਤਕ ਜ਼ਿੰਦਗੀ ‘ਚ ਸ਼ਾਮਲ ਲੋਕਾਂ ਨੂੰ ਈਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਲੋਕਾਂ ਨੇ ਸਾਨੂੰ ਉਨ੍ਹਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਸਾਨੂੰ ਇਸ ਦੀ ਵਰਤੋਂ ਲੋਕਾਂ ਦੀ ਭਲਾਈ ਲਈ ਕਰਨੀ ਚਾਹੀਦੀ ਹੈ।

Be the first to comment

Leave a Reply