ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਜ਼ਿੰਮੇਵਾਰੀ ਨਤੀਜਿਆਂ ਤੋਂ ਬਾਅਦ ਹੋਰ ਵੀ ਵਧ ਗਈ

ਜਲੰਧਰ   – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਨੂੰ ਜ਼ਬਰਦਸਤ ਫਤਵਾ ਦੇਣ ਲਈ ਸੂਬੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਲੋਕ ਸਾਬਕਾ ਅਕਾਲੀ ਸਰਕਾਰ ਦੀ ਗੁੰਡਾਗਰਦੀ ਅਤੇ ਮਾਫੀਆ ਰਾਜ ਨੂੰ ਭੁੱਲੇ ਨਹੀਂ ਹਨ। ਸੂਬੇ ਦੇ ਸੂਝਵਾਨ ਲੋਕਾਂ ਨੇ ਪਹਿਲਾਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਜਿੱਤ ਦਿਵਾਈ ਅਤੇ ਹੁਣ ਨਗਰ ਨਿਗਮ ਚੋਣਾਂ ‘ਚ ਇਸ ਨੂੰ ਮੁੜ ਦੁਹਰਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੂੰ ਪਹਿਲਾਂ ਹੀ ਆਪਣੀ ਹਾਰ ਦਾ ਡਰ ਹੋ ਗਿਆ ਸੀ, ਜਿਸ ਕਾਰਨ ਉਹ ਧਰਨਿਆਂ ਦੀ ਸਿਆਸਤ ‘ਤੇ ਉੱਤਰ ਆਏ ਸਨ। ਪੰਜਾਬ ਦੇ ਲੋਕਾਂ ਨੇ 10 ਸਾਲ ਤਕ ਅਕਾਲੀ-ਭਾਜਪਾ ਦਾ ਰਾਜ ਦੇਖਿਆ ਅਤੇ ਹੁਣ ਕਾਂਗਰਸ ਸਰਕਾਰ ਦੇ ਰਾਜ ਨੂੰ ਵੀ ਪਰਖਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਿਗਮ ਚੋਣਾਂ ‘ਚ ਨਾ ਤਾਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋਈ ਤੇ ਨਾ ਹੀ ਸਰਕਾਰ ਨੇ ਪੁਲਸ ਜਾਂ ਪ੍ਰਸ਼ਾਸਨ ਦੀ ਵਰਤੋਂ ਆਪਣੇ ਹਿੱਤਾਂ ਲਈ ਕੀਤੀ। ਅਕਾਲੀ ਦਲ ਦੀ ਲੀਡਰਸ਼ਿਪ ਆਪਣੀ ਹੋਣ ਵਾਲੀ ਮਾੜੀ ਹਾਲਤ ਨੂੰ ਪਹਿਲਾਂ ਹੀ ਭਾਂਪ ਚੁੱਕੀ ਸੀ। ਇਸ ਲਈ ਸਰਕਾਰ ਵਿਰੁੱਧ ਝੂਠੇ ਦੋਸ਼ ਲਾਏ ਗਏ ਪਰ ਇਸ ਦੇ ਬਾਵਜੂਦ ਵੋਟਰਾਂ ‘ਤੇ ਉਨ੍ਹਾਂ ਦਾ ਕੋਈ ਅਸਰ ਨਹੀਂ ਹੋਇਆ।

Be the first to comment

Leave a Reply