ਮੁੱਖ ਮੰਤਰੀ ਨੇ ਪੰਜਾਬ ‘ਚ ਨਵੇਂ ਰੇਲ ਲਿੰਕ ਬਣਾਉਣ ਲਈ ਪ੍ਰਭੂ ਨੂੰ ਲਿਖੀ ਚਿੱਠੀ

ਜਲੰਧਰ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਕਾਦੀਆਂ ਤੋਂ ਬਿਆਸ ਅਤੇ ਘੜਿਆਲਾ ਤੋਂ ਮੱਲਾਂਵਾਲਾ ਤੱਕ ਦੋ ਨਵੇਂ ਰੇਲ ਲਿੰਕ ਬਣਾਉਣ ਲਈ ਸੂਬਾ ਸਰਕਾਰ ਦੇ ਪ੍ਰਸਤਾਵ ‘ਤੇ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਚਿੱਠੀ ਲਿਖੀ ਹੈ। ਚਿੱਠੀ ‘ਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਸੂਬੇ ਦੇ ਲੋਕ ਨਿਰਮਾਣ ਵਿਭਾਗ ਨੂੰ ਰੇਲ ਮੰਤਰਾਲਾ ਨਾਲ ਤਾਲਮੇਲ ਕਰ ਕੇ ਇਸ ਮਾਮਲੇ ਨੂੰ ਉਠਾਉਣ ਦੇ ਨਿਰਦੇਸ਼ ਦਿੱਤੇ ਹਨ ਪਰ ਇਨ੍ਹਾਂ ਦੋਵਾਂ ਮਾਮਲਿਆਂ ਨੂੰ ਆਖਰੀ ਰੂਪ ਦੇਣ ਜਾਂ ਜਲਦੀ ਫੈਸਲਾ ਲੈਣ ਸੰਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਸੰਬੰਧੀ ਕੇਂਦਰੀ ਮੰਤਰੀ ਪ੍ਰਭੂ ਨੂੰ ਨਿੱਜੀ ਦਖਲ ਦੇਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ 31 ਮਈ 2017 ਨੂੰ ਇਕ ਚਿੱਠੀ  ਲਿਖ ਕੇ ਕਾਦੀਆਂ-ਬਿਆਸ ਰੇਲ ਲਿੰਕ ਦੇ ਨਿਰਮਾਣ ਲਈ ਅਪੀਲ ਕੀਤੀ ਸੀ ਪਰ ਕੰਮ ਦੀ ਗਤੀ ਹੌਲੀ ਹੈ, ਜਿਸ ‘ਚ ਤੇਜ਼ੀ ਲਿਆਉਣ ਦੀ ਲੋੜ ਹੈ। ਘੜਿਆਲਾ-ਮੱਲਾਂਵਾਲਾ ਰੇਲ ਲਿੰਕ ਦਾ ਮਾਮਲਾ ਵੀ 31 ਮਈ ਨੂੰ ਮੁੱਖ ਮੰਤਰੀ ਨੇ ਉਠਾਇਆ ਸੀ ਅਤੇ ਕਿਹਾ ਸੀ ਕਿ ਇਹ ਲਿੰਕ ਸਰਹੱਦੀ ਜ਼ਿਲਿਆਂ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਨੂੰ ਜੋੜਨ ‘ਚ ਸਹਾਇਕ ਹੋਵੇਗਾ।  ਇਨ੍ਹਾਂ ਇਲਾਕਿਆਂ ‘ਚ ਵਪਾਰ ਅਤੇ ਉਦਯੋਗ ਨੂੰ ਉਤਸ਼ਾਹ ਮਿਲੇਗਾ। ਸੂਬਾ ਸਰਕਾਰ ਨੇ ਅੰਮ੍ਰਿਤਸਰ-ਖੇਮਕਰਨ ਰੇਲ ਲਾਈਨ ‘ਤੇ ਘੜਿਆਲਾ ਰੇਲਵੇ ਸਟੇਸ਼ਨ ਤੋਂ ਫਿਰੋਜ਼ਪੁਰ-ਜਲੰਧਰ ਲਾਈਨ ‘ਤੇ  ਮੱਲਾਂਵਾਲਾ ਤੱਕ 25 ਕਿਲੋਮੀਟਰ ਤੱਕ ਸੰਪਰਕ ਬਣਾਉਣ ਦੀ ਮੰਗ ਕੀਤੀ ਸੀ, ਜੋ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲਿਆਂ ਨੂੰ ਜੋੜਦੀ ਹੈ। ਮੁੱਖ ਮੰਤਰੀ ਨੇ ਪ੍ਰਭੂ ਨੂੰ ਪੰਜਾਬ ਦੇ ਲੋਕਾਂ ਦੇ ਹਿੱਤਾਂ ‘ਚ ਇਨ੍ਹਾਂ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਕੇ ਕੰਮ ਸ਼ੁਰੂ ਕਰਵਾਉਣ ਦੀ ਅਪੀਲ ਕੀਤੀ ਹੈ।

Be the first to comment

Leave a Reply

Your email address will not be published.


*