ਮੂੰਹ ਦੇ ਕੈਂਸਰ ਦੇ ਖਾਤਮੇ ਲਈ ਵਿਸ਼ੇਸ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ: ਬ੍ਰਹਮ ਮਹਿੰਦਰਾ

ਚੰਡੀਗੜ੍ਹ – ਪੰਜਾਬ ਸਰਕਾਰ ਸੂਬੇ ਵਿਚ ਮੂੰਹ ਦੇ ਕੈਂਸਰ ਨਾਲ ਨਜਿਠਣ ਲਈ ਵਿਸ਼ੇਸ਼ ਪ੍ਰੋਗਰਾਮ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਜੇਕਰ ਮੂੰਹ ਦੇ ਕੈਂਸਰ ਦਾ ਪਤਾ ਪਹਿਲੇ ਪੜਾਅ ਵਿਚ ਲੱਗ ਜਾਵੇ ਤਾਂ ਮਰੀਜ ਦਾ ਇਲਾਜ ਪ੍ਰਭਾਵੀ ਢੰਗ ਨਾਲ ਕੀਤਾ ਜਾ ਸਕਦਾ ਹੈ। ਇਸ ਗੱਲ ਦਾ ਖੁਲਾਸਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਡੈਂਟਲ ਮੈਡੀਕਲ ਅਫਸਰਾਂ ਲਈ ਕਰਵਾਏ ਸਲਾਨਾ ਰੀ-ਓਰੀਐਂਟੇਸ਼ਨ ਸ਼ੈਸ਼ਨ-2018 ਮੌਕੇ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿਚਲੀਆਂ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ ਨਾਲ ਜਾਨਲੇਵਾ ਬਿਮਾਰੀਆਂ ਜਿਵੇਂ ਕੈਂਸਰ ਅਤੇ ਟੀ.ਬੀ. ਨੂੰ ਖਤਮ ਕਰਨ ਲਈ ਕਈ ਉਪਰਾਲੇ ਕੀਤੇ ਹਨ। ਉਹਨਾਂ ਕਿਹਾ ਕਿ ਮੂੰਹ ਦੇ ਕੈਂਸਰ ਦਾ ਮੁੱਢਲੇ ਪੜਾਅ ਵਿਚ ਹੀ ਪਤਾ ਲਗਾਉਣ ਨਾਲ ਮਰੀਜ਼ਾਂ ਦੀ ਮੌਤ ਦਰ ਵਿਚ ਕਮੀ ਲਿਆਈ ਜਾ ਸਕਦੀ ਹੈ ਅਤੇ ਨਾਲ ਹੀ ਮਰੀਜ ਦਾ ਇਲਾਜ ਕਰਨ ਵਿਚ ਅਸਾਨੀ ਵੀ ਹੁੰਦੀ ਹੈ। ਉਹਨਾਂ ਕਿਹਾ ਕਿ ਮੂੰਹ ਦੇ ਕੈਂਸਰ ਨੂੰ ਰੋਕਣ ਸਬੰਧੀ ਰੂਪ-ਰੇਖਾ ਤਿਆਰ ਕਰਨ ਲਈ ‘ਸਲਾਨਾ ਰੀਓਰੀਐਂਟੇਸ਼ਨ ਸ਼ੈਸ਼ਨ’ ਬਹੁਤ ਵਧੀਆ ਪਲੇਟਫਾਰਮ ਹੈ।
ਮੈਡੀਕਲ ਅਫਸਰਾਂ ਦੀ ਭਰਤੀ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ 15 ਦਿਨਾਂ ਵਿਚ ਲਗਭਗ 306 ਮੈਡੀਕਲ ਅਫਸਰ ਅਤੇ 92 ਰੂਰਲ ਮੈਡੀਕਲ ਅਫਸਰ ਸਿਹਤ ਵਿਭਾਗ ਵਿਚ ਭਰਤੀ ਹੋ ਰਹੇ ਹਨ। ਉਹਨਾਂ ਕਿਹਾ ਕਿ ਗੁਆਂਢੀ ਸੂਬੇ ਜਿਵੇਂ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਚ ਜਨਸੰਖਿਆ ਦੇ ਆਧਾਰ ‘ਤੇ ਜ਼ਿਆਦਾ ਡੈਂਟਲ ਮੈਡੀਕਲ ਅਫਸਰ ਹਨ ਅਤੇ ਪੰਜਾਬ ਵਿਚ ਡੈਂਟਲ ਮੈਡੀਕਲ ਅਫਸਰਾਂ ਦੀ ਘਾਟ ਨੂੰ ਪੂਰਾ ਕਰਨ ਲਈ, ਸਾਰੇ ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਡੈਂਟਿਸਟਾਂ ਦੀਆਂ ਭਰਤੀਆਂ ਸਬੰਧੀ ਕੇਸ ਵਿਤ ਵਿਭਾਗ ਨੂੰ ਭੇਜਿਆ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਡੈਟਿਸਟਾਂ ਨੂੰ ਮੈਡੀਕਲ/ਡੈਂਟਲ ਕਾਲਜਾਂ ਦੇ ਯੋਗ ਬਣਾਉਣ ਦੇ ਲਈ ਸੀਨੀਅਰ ਰੈਜੀਡੈਂਸੀ ਦੀ ਸ਼ੁਰੂਆਤ ਜਲਦ ਕੀਤੀ ਜਾਵੇਗੀ। ਇਸ ਮੌਕੇ ਤੇ ਡੈਂਟਲ ਐਸ਼ੋਸੀਏਸ਼ਨ ਵਲੋਂ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਅਧੀਨ ਵੱਖਰੇ ਤੌਰ ਤੇ ਡੈਂਟਲ ਡਾਇਰੈਕਟੋਰੇਟ ਸਥਾਪਤ ਕਰਨ ਦੀ ਮੰਗ ਵੀ ਕੀਤੀ ਗਈ।