ਮੋਬਾਈਲ ਇੰਟਰਨੈੱਟ ਸਪੀਡ ‘ਚ ਭਾਰਤ 109ਵੇਂ ਸਥਾਨ ‘ਤੇ

ਦੁਨੀਆ ‘ਚ ਭਾਵੇਂ ਸਭ ਤੋਂ ਜ਼ਿਆਦਾ ਡਾਟਾ ਵਰਤੇ ਜਾਣ ਦੇ ਮਾਮਲੇ ਵਿਚ ਭਾਰਤ ਚੋਟੀ ‘ਤੇ ਹੋਵੇ ਪਰ ਇੰਟਰਨੈੱਟ ਸਪੀਡ ਵਿਚ ਅਜੇ ਅਸੀਂ ਕਾਫ਼ੀ ਪਿੱਛੇ ਹਾਂ | ਮੋਬਾਈਲ ਇੰਟਰਨੈੱਟ ਡਾਊਨਲੋਡ ਸਪੀਡ ਦੇ ਮਾਮਲੇ ਵਿਚ ਭਾਰਤ ਨੂੰ ਵਿਸ਼ਵ ਭਰ ‘ਚ 109ਵਾਂ ਸਥਾਨ ਮਿਲਿਆ ਹੈ | ਇਕ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਭਾਰਤ ਵਿਚ ਡਾਊਨਲੋਡ ਸਪੀਡ ਅਜੇ ਵੀ ਵਿਸ਼ਵ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ | ਉਕਲਾ ਦੇ ਸਪੀਡ ਟੈਸਟ ਇੰਡੈਕਸ ਦੇ ਅਨੁਸਾਰ ਦੇਸ਼ ਵਿਚ ਮੋਬਾਈਲ ਇੰਟਰਨੈੱਟ ਦੀ ਔਸਤ ਡਾਊਨਲੋਡ ਸਪੀਡ ਪਿਛਲੇ ਸਾਲ ਨਵੰਬਰ ਦੇ 8.80 ਐਮ.ਬੀ.ਪੀ.ਐਸ. ਤੋਂ ਵੱਧ ਕੇ ਇਸ ਸਾਲ ਫਰਵਰੀ ਵਿਚ 9.01 ਐਮ.ਬੀ.ਪੀ.ਐਸ. ‘ਤੇ ਪਹੁੰਚ ਗਈ ਹੈ ਹਾਲਾਂਕਿ ਇਸ ਦੇ ਬਾਅਦ ਵੀ ਦੇਸ਼ ਦੀ ਦਰਜਾਬੰਦੀ ਵਿਚ ਕੋਈ ਬਦਲਾਅ ਨਹੀਂ ਹੋਇਆ ਤੇ ਭਾਰਤ 109ਵੇਂ ਸਥਾਨ ‘ਤੇ ਹੀ ਬਰਕਰਾਰ ਹੈ | ਇਸ ਦਰਜਾਬੰਦੀ ਵਿਚ ਨਾਰਵੇ 62.07 ਐਮ.ਬੀ.ਪੀ.ਐਸ. ਦੀ ਔਸਤ ਸਪੀਡ ਨਾਲ ਪਹਿਲੇ ਸਥਾਨ ‘ਤੇ ਰਿਹਾ | ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਦਸੰਬਰ ਵਿਚ ਦਾਅਵਾ ਕੀਤਾ ਸੀ ਕਿ ਦੇਸ਼ 150 ਕਰੋੜ ਗੀਗਾਬਾਈਟ ਖਪਤ ਦੇ ਨਾਲ ਵਿਸ਼ਵ ਦਾ ਸਭ ਤੋਂ ਵੱਡਾ ਡਾਟਾ ਉਪਭੋਗਤਾ ਹੈ | ਉਨ੍ਹਾਂ ਨੇ ਕਿਹਾ ਸੀ ਕਿ ਇਹ ਅਮਰੀਕਾ ਅਤੇ ਚੀਨ ਦੀ ਸਾਂਝੀ ਖ਼ਪਤ ਤੋਂ ਵੱਧ ਹੈ | ਸੂਚੀ ਅਨੁਸਾਰ ਦੇਸ਼ ਨੇ ਬ੍ਰਾਡਬੈਂਡ ਦੇ ਮਾਮਲੇ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਲਿਹਾਜ਼ ਨਾਲ ਦੇਸ਼ ਪਿਛਲੇ ਸਾਲ ਦੇ 76ਵੇਂ ਸਥਾਨ ਦੀ ਤੁਲਨਾ ਵਿਚ ਇਸ ਸਾਲ ਫਰਵਰੀ ਵਿਚ 67ਵੇਂ ਸਥਾਨ ‘ਤੇ ਆ ਗਿਆ ਹੈ |