ਮੌਤ ਉਤਰ ਕੋਰੀਆ ਦੇ ਜ਼ੁਲਮੀ ਸ਼ਾਸਨ ਦੀ ਯਾਦ ਦਿਵਾਉਂਦੀ ਰਹੇਗੀ -ਨਿੱਕੀ ਹੈਲੇ

ਵਾਸ਼ਿੰਗਟਨ – ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੇ ਨੇ ਪਿਓਂਗਯਾਂਗ ਦੁਆਰਾ ਰਿਹਾਅ ਕੀਤੇ ਜਾਣ ਤੋਂ ਬਾਅਦ ਦਮ ਤੋੜਨ ਵਾਲੇ 22 ਸਾਲ ਦੇ ਅਮਰੀਕੀ ਵਿਦਿਆਰਥੀ ਦੀ ਮੌਤ ਨੂੰ ਲੈ ਕੇ ਉਤਰ ਕੇਰੀਆ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਵਿਦਿਆਰਥੀ ਦੀ ਮੌਤ ਉਤਰ ਕੋਰੀਆ ਦੇ ਜ਼ੁਲਮੀ ਸ਼ਾਸਨ ਦੀ ਯਾਦ ਦਿਵਾਉਂਦੀ ਰਹੇਗੀ ਜਿਸ ਨੂੰ ਕਦੇ ਭੁੱਲਿਆ ਨਹੀਂ ਜਾ ਸਕੇਗਾ। ਭਾਰਤੀ ਮੂਲ ਦੀ ਅਮਰੀਕੀ ਨਿੱਕੀ ਹੈਲੇ ਨੇ ਓਟੋ ਵਾਰਮਬੀਅਰ ਦੀ ਮੌਤ ‘ਤੇ ਜਾਰੀ ਬਿਆਨ ਵਿਚ ਕਿਹਾ ਕਿ ਉਤਰ ਕੋਰੀਆਈ ਅਪਰਾਧੀਆਂ ਦੇ ਹੱਥੀਂ ਅਣਗਿਣਤ ਮਾਸੂਮ ਪੁਰਸ਼ ਅਤੇ ਮਹਿਲਾਵਾਂ ਮਾਰੇ ਗਏ ਹਨ। ਲੇਕਿਨ ਓਟੋ ਵਾਰਮਬੀਅਰ ਦੇ ਮਾਮਲੇ ਨੇ ਅਮਰੀਕੀ ਲੋਕਾਂ ਦੇ ਦਿਲ ‘ਤੇ ਇਸ ਤਰ੍ਹਾਂ ਅਸਰ ਕੀਤਾ ਜਿਹਾ ਕਿਸੇ ਹੋਰ ਨੇ ਨਹੀਂ। ਵਾਰਮਬੀਅਰ ਯੂਨੀਵਰਸਿਟੀ ਆਫ਼ ਵਰਜੀਨੀਆ ਦਾ ਵਿਦਿਆਰਥੀ ਸੀ ਅਤੇ ਚੀਨ ਦੀ ਯਾਤਰਾ ਦੌਰਾਨ ਉਤਰ ਕੋਰੀਆ ਗਿਆ ਸੀ। ਉਸ ਨੂੰ ਜਨਵਰੀ 2016 ਵਿਚ ਪਿਓਂਗਯਾਂਗ ਹਵਾਈ ਅੱਡੇ ‘ਤੇ ਹਿਰਾਸਤ ਵਿਚ ਲਿਆ ਗਿਆ ਸੀ। ਉਸ ‘ਤੇ ਦੋਸ਼ ਕੂੜ ਪ੍ਰਚਾਰ ਨਾਲ ਜੁੜਿਆ ਪੋਸਟਰ ਚੋਰੀ ਕਰਨ ਦੀ ਕੋਸ਼ਿਸ਼ ਕਰਨ ‘ਤੇ ਲਗਾਇਆ ਗਿਆ ਸੀ। ਵਾਰਮਬੀਅਰ ਨੂੰ ਪਿਛਲੇ ਹਫ਼ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ ਅਤੇ ਕੋਮਾ ਦੀ ਹਾਲਤ ਵਿਚ ਹੀ ਘਰ ਭੇਜ ਦਿੱਤਾ ਗਿਆ ਸੀ। ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਉਹ ਕੋਮਾ ਵਿਚ ਸੀ। ਹਸਪਾਤਲ ਵਿਚ ਉਸ ਦਾ ਦੇਹਾਂਤ ਹੋ ਗਿਆ। ਨਿੱਕੀ ਹੈਲੇ ਨੇ ਕਿਹਾ ਕਿ ਵਾਰਮਬੀਅਰ ਦੀ ਯਾਦਾਂ ਉਸ ਦੇ ਪਰਿਵਾਰ ਨੂੰ ਉਸ ਦੀ ਮੌਜੂਦਗੀ ਦਾ ਅਹਿਸਾਸ ਦਿਵਾਉਣਗੀਆਂ ਲੇਕਿਨ ਇਹ ਯਾਦਾਂ ਸਾਨੂੰ ਉਤਰ ਕੋਰੀਆ ਦੀ ਜ਼ੁਲਮੀ ਸਰਕਾਰ ਦੀ ਯਾਦ ਵੀ ਵਾਰ ਵਾਰ ਦਿਵਾਉਣਗੀਆਂ।

Be the first to comment

Leave a Reply