ਮੌਤ ਦੇ ਹਨ੍ਹੇਰੇ ਨੂੰ ਜ਼ਿੰਦਗੀ ਦੀ ਰੌਸ਼ਨੀ ਵਿਚ ਤਬਦੀਲ ਕਰਨ ਦੀ ਸਿੱਖ ਕੌਮ ਦੀ ਇਹ ਲਹਿਰ ਇਸ ਵਰ੍ਹੇ ਦੁਨੀਆ ਵਿਚ ਫੈਲੇਗੀ

ਕੈਨੇਡਾ – ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਮਾਨਵਤਾ ਅਤੇ ਸਰਬੱਤ ਦੇ ਭਲੇ ਦਾ ਇਕ ਸਿਧਾਂਤ ਦਿੱਤਾ ਹੈ ਕਿ ਨਾ ਜੁਲਮ ਕਰਨਾ ਹੈ ਨਾ ਹੀ ਸਹਿਣਾ ਹੈ। ਪਰ ਦੂਸਰੇ ਪਾਸੇ ਵ੍ਰਿਪਵਾਦ, ਮਨੁੱਖਤਾ ਦਾ ਘਾਣ ਕਰਨ ਵਾਲੀ ਉਹ ਨਸਲਵਾਦੀ ਸੋਚ ਵੀ ਹੈ ਜੋ ਪਿਛਲੇ 5 ਹਜ਼ਾਰ ਸਾਲਾਂ ਤੋਂ ਭਾਰਤੀ ਉਪਮਹਾਂਦੀਪ ਅੰਦਰ ਮੂਲ ਨਿਵਾਸੀਆਂ, ਬੋਧੀਆਂ, ਦਲਿਤਾਂ, ਮੁਸਲਮਾਨਾਂ, ਇਸਾਈਆਂ ਅਤੇ ਸਿੱਖਾਂ ਸਮੇਤ ਸਮੂਹ ਘੱਟ ਗਿਣਤੀਆਂ ਦਾ ਸੋਸ਼ਣ ਤੇ ਉਨ੍ਹਾਂ ਦਾ ਕਤਲੇਆਮ ਕਰਦੀ ਆ ਰਹੀ ਹੈ। ਉਕਤਾ ਅਜਿਹਾ ਵਰਤਾਰਾ ਹੀ 1984 ‘ਚ ਸਿੱਖ ਕੌਮ ਨਾ ਵਾਪਰਿਆ। ਜੋ ਕਿ ਨਾ ਤਾਂ ਉਹ ਦੰਗੇ ਸੀ, ਨਾ ਅੱਤਵਾਦ ਸੀ, ਨਾ ਕਤਲੋਗਾਰਤ ਸਗੋਂ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੀ ਯੋਜਨਾ ਸੀ। ਸਾਡੈ ਤਿੰਨ ਦਹਾਕੇ ਦੇ ਸਮੇਂ ਬਾਅਦ ਵੀ ਸਿੱਖ ਕੌਮ ਦੀ ਨਾ ਕੋਈ ਅਪੀਲ ਨਾ ਕੋਈ ਦਲੀਲ ਨਾ ਇਨਸਾਫ ਮਿਲਿਆ, ਸਗੋਂ ਰਾਜਸੀ ਨੇਤਾਵਾਂ ਵੱਲੋਂ ਵਾਰ-ਵਾਰ ਇਹੀ ਕਿਹਾ ਜਾ ਰਿਹਾ ਹੈ ਕਿ 1984 ਦੇ ਜ਼ਖਮਾਂ ਨੂੰ ਭੁੱਲ ਜਾਉ, ਪਰ ਭੁੱਲੇ ਤਾਂ ਅਸੀਂ ਅਜੇ ਮੁਗਲ ਰਾਜ ਵਿਚ ਕੀਤੀ ਸਿੱਖ ਨਸਲਕੁਸ਼ੀ ਵੀ ਨਹੀਂ ਤੇ 1947 ਦੇ ਜ਼ਖਮ ਵੀ ਅਜੇ ਸਾਡੇ ਭਰੇ ਨਹੀਂ। ਫਿਰ 1984 ਸਿੱਖ ਕਤਲੇਆਮ ਅਤੇ ਸਿੱਖ ਨਸਲਕੁਸ਼ੀ ਨੂੰ ਕਿਵੇਂ ਭੁੱਲ ਜਾਈਏ। ਇਸੇ ਕੜੀ ਤਹਿਤ ਕੈਨੇਡਾ ਵਿਚ ਵਸਦੇ ਸਿੱਖਾਂ ਵੱਲੋਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ 1999 ਵਿਚ ਉਸ ਵੇਲੇ ਦੀ ਭਾਰਤ ਸਰਕਾਰ ਵੱਲੋਂ ਕੀਤੀ 1984 ਦੀ ਸਿੱਖ ਨਸਲਕੁਸ਼ੀ ਦੇ ਸ਼ਹੀਦਾਂ ਨੂੰ ਸਮਰਪਿਤ ‘Blood Donation by Sikh Nation’ ਸਿੱਖ ਕੌਮ ਵੱਲੋਂ ਵਿਸ਼ਵ ਪੱਧਰ ‘ਤੇ ਖੁਨ ਦਾਨ ਕੈਂਪ ਸ਼ੂਰੂ ਕੀਤਾ ਗਿਆ। ਜਿਸਦਾ ਮਕਸਦ ਮੌਤ ਦੇ ਹਨ੍ਹੇਰੇ ਨੂੰ ਜ਼ਿੰਦਗੀ ਦੀ ਰੌਸ਼ਨੀ ਵਿਚ ਤਬਦੀਲ ਕਰਨ ਨਾਲ ਹੀ ‘ਭੈ ਕਹੂੰ ਕਉ ਦੇਤ ਨਾਹਿ, ਨਹਿ ਭੈ ਮਾਨਤ ਆਨ’’ ਦੇ ਸਿਧਾਂਤ ਅਨੁਸਾਰ ਇਕ ਭੈਅ ਰਹਿਤ ਸੁਤੰਤਰ ਸਮਾਜ ਦੀ ਸਿਰਜਣਾ ਹੈ। ਇਸ ਖੂਨਦਾਨ ਕੈਂਪ ਦੀ ਸ਼ੁਰੂਆਤ ਬ੍ਰਿਟਿਸ਼ ਕੋਲੰਬੀਆ, ਸਰ੍ਹੀ ਤੋਂ ਹੋਈ। ਉਸ ਵੇਲੇ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਮਨੁੱਖਤਾ ਦੇ ਇਸ ਭਲੇ ਕਾਰਜ ਨੂੰ ਕੈਨੇਡੀਅਨ ਪਾਰਲੀਮੈਂਟ ਵਿਚ ਪੇਸ਼ ਕੀਤਾ। ਜਿਸਦੀ ਕੈਨੇਡੀਅਨ ਸਰਕਾਰ ਨੇ ਸ਼ਲਾਘਾ ਕਰਦਿਆਂ ਸਿੱਖ ਕੌਮ ਨੂੰ ਸਨਮਾਨਿਤ, ਵਧਾਈ ਅਤੇ ਹਰ ਸਹਾਇਤਾ ਦਾ ਭਰੋਸਾ ਦਿੱਤਾ।