‘ਮੰਗਖੁਤ’ ਤੂਫ਼ਾਨ ਕਾਰਨ ਫਿਲਪਾਈਨ ‘ਚ ਹੁਣ ਤੱਕ 64 ਮੌਤਾਂ

ਟੁਗੇਗਰਾਓ -ਉਤਰੀ ਫਿਲਪਾਈਨ ‘ਚ ਤੇਜ਼ ਹਵਾਵਾਂ ਤੇ ਭਾਰੀ ਬਾਰਿਸ਼ ਨਾਲ ਤਬਾਹੀ ਮਚਾਉਣ ਤੋਂ ਬਾਅਦ ‘ਮੰਗਖੁਤ ਤੂਫਾਨ’ ਨਾਲ ਕਰੀਬ 64 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਹੁਣ ਇਹ ਤੂਫਾਨ ਹਾਂਗਕਾਂਗ ਤੇ ਦੱਖਣੀ ਚੀਨ ਦੇ ਸੰਘਣੀ ਆਬਾਦੀ ਵਾਲੇ ਖੇਤਰਾਂ ਵੱਲ ਵਧ ਰਿਹਾ ਹੈ, ਜਿਸ ਨਾਲ ਚੀਨ ‘ਚ 2 ਮੌਤਾਂ ਹੋ ਗਈਆਂ ਹਨ | ਫਿਲਪਾਈਨ ‘ਚ ਆਏ ਇਸ ਤੂਫਾਨ ਦੀ ਲਪੇਟ ‘ਚ ਹੁਣ ਤੱਕ 50 ਲੱਖ ਤੋਂ ਵੱਧ ਲੋਕ ਆ ਗਏ ਹਨ ਤੇ ਇਸ ਨੂੰ ਅਟਲਾਂਟਿਕ ਚੱਕਰਵਾਤੀ ਤੂਫਾਨ ਦੀ ਪੰਜਵੀਂ ਕੈਟਾਗਰੀ ਮੰਨਿਆ ਜਾ ਰਿਹਾ ਹੈ | ਐਤਵਾਰ ਸਵੇਰੇ ਇਸ ਤੂਫਾਨ ਕਾਰਨ ਹਵਾਵਾਂ ਦੀ ਗਤੀ 155 ਕਿਲੋਮੀਟਰ ਪ੍ਰਤੀ ਘੰਟਾ ਮਾਪੀ ਗਈ | ਤੂਫਾਨ ਕਾਰਨ ਫਿਲਪਾਈਨ ‘ਚ ਬੀਤੇ ਕੱਲ੍ਹ ਤੋਂ ਲੈ ਕੇ ਹੁਣ 64 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਢਿੱਗਾਂ ਡਿਗਣ ਕਾਰਨ ਮਲਬੇ ਹੇਠ ਹਜ਼ਾਰਾਂ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਹੈ | ਤੂਫਾਨ ਕਾਰਨ ਦੱਖਣੀ ਚੀਨ ਦੇ ਕਰੀਬ 25 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ |